ਮੋਗਾ :- ਮੋਗਾ ਪੁਲਿਸ ਨੂੰ ਉਸ ਵੇਲੇ ਅਹਿਮ ਸਫਲਤਾ ਮਿਲੀ ਜਦੋਂ ਥਾਣਾ ਸਿਟੀ ਮੋਗਾ ਦੀ ਟੀਮ ਨੇ ਜਾਅਲੀ ਭਾਰਤੀ ਕਰੰਸੀ ਚਲਾਉਣ ਵਾਲੇ ਇਕ ਦੋਸ਼ੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਹ ਕਾਰਵਾਈ ਇੰਸਪੈਕਟਰ ਵਰੁਣ ਕੁਮਾਰ, ਮੁੱਖ ਅਫ਼ਸਰ ਥਾਣਾ ਸਿਟੀ ਮੋਗਾ ਦੀ ਅਗਵਾਈ ਹੇਠ ਕੀਤੀ ਗਈ।
ਮੁਖ਼ਬਰ ਦੀ ਸੂਚਨਾ ‘ਤੇ ਕੀਤੀ ਗਈ ਰੇਡ
ਪੁਲਿਸ ਮੁਤਾਬਕ 19 ਦਸੰਬਰ 2025 ਨੂੰ ਏਐੱਸਆਈ ਸਤਨਾਮ ਸਿੰਘ ਸਹਿਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਇਲਾਕੇ ‘ਚ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਵੱਲੋਂ ਸੂਚਨਾ ਮਿਲੀ ਕਿ ਗੁਰਦੀਪ ਸਿੰਘ ਉਰਫ਼ ਸੋਨੂੰ ਨਾਮਕ ਵਿਅਕਤੀ ਜਾਅਲੀ ਕਰੰਸੀ ਨਾਲ ਲੈਸ ਹੋ ਕੇ ਇੱਕ ਚਿੱਟੇ ਰੰਗ ਦੀ ਬਲੈਰੋ ਕੈਂਪਰ ਗੱਡੀ ‘ਚ ਆ ਰਹਾ ਹੈ।
ਦਿੱਲੀ ਕਲੋਨੀ ਗੇਟ ਨੇੜੇ ਦੋਸ਼ੀ ਕਾਬੂ
ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਦਿੱਲੀ ਕਲੋਨੀ ਗੇਟ ਨੇੜੇ ਨਾਕਾਬੰਦੀ ਕੀਤੀ। ਇਸ ਦੌਰਾਨ ਬਲੈਰੋ ਕੈਂਪਰ ਨੰਬਰ PB10-FV-7950 ਨੂੰ ਰੋਕ ਕੇ ਗੁਰਦੀਪ ਸਿੰਘ ਉਰਫ਼ ਸੋਨੂੰ ਪੁੱਤਰ ਕਰਤਾਰ ਸਿੰਘ, ਵਾਸੀ ਰਾਜਾਂਵਾਲਾ, ਥਾਣਾ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ ਨੂੰ ਕਾਬੂ ਕਰ ਲਿਆ ਗਿਆ।
52 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ
ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ ‘ਚੋਂ 500-500 ਰੁਪਏ ਦੇ 104 ਨਕਲੀ ਨੋਟ ਬਰਾਮਦ ਹੋਏ, ਜਿਨ੍ਹਾਂ ਦੀ ਕੁੱਲ ਰਕਮ 52 ਹਜ਼ਾਰ ਰੁਪਏ ਬਣਦੀ ਹੈ। ਪੁਲਿਸ ਅਨੁਸਾਰ ਦੋਸ਼ੀ ਇਹ ਜਾਅਲੀ ਨੋਟ ਰਾਤ ਦੇ ਸਮੇਂ ਭੋਲੇ-ਭਾਲੇ ਦੁਕਾਨਦਾਰਾਂ ਨੂੰ ਅਸਲੀ ਕਰੰਸੀ ਵਜੋਂ ਚਲਾਉਂਦਾ ਸੀ।
ਮਾਮਲਾ ਦਰਜ, ਦੋਸ਼ੀ ਰਿਮਾਂਡ ‘ਤੇ
ਇਸ ਸਬੰਧ ਵਿੱਚ ਥਾਣਾ ਸਿਟੀ ਮੋਗਾ ਵਿਖੇ ਮੁਕੱਦਮਾ ਨੰਬਰ 282 ਮਿਤੀ 19.12.2025 ਅਧੀਨ ਧਾਰਾਵਾਂ 178, 179, 180 ਅਤੇ 181 BNS ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ 20 ਦਸੰਬਰ 2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।
ਪੁਰਾਣਾ ਅਪਰਾਧਿਕ ਰਿਕਾਰਡ ਵੀ ਆਇਆ ਸਾਹਮਣੇ
ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਦੀਪ ਸਿੰਘ ਉਰਫ਼ ਸੋਨੂੰ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
ਉਸ ਖ਼ਿਲਾਫ਼ ਸਾਲ 2020 ਵਿੱਚ ਫਤਿਹਗੜ੍ਹ ਪੰਜਤੂਰ ਥਾਣੇ ਵਿੱਚ ਚੋਰੀ ਦੇ ਮਾਮਲੇ ਤਹਿਤ ਕੇਸ ਦਰਜ ਹੋ ਚੁੱਕਾ ਹੈ, ਜਦਕਿ 2022 ਵਿੱਚ ਵੀ ਉਸ ‘ਤੇ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ।
ਨੈੱਟਵਰਕ ਦੀ ਜਾਂਚ ਵਿੱਚ ਜੁੱਟੀ ਪੁਲਿਸ
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਜਾਅਲੀ ਕਰੰਸੀ ਦਾ ਇਹ ਜਾਲ ਕਿੱਥੋਂ ਤੱਕ ਫੈਲਿਆ ਹੋਇਆ ਹੈ ਅਤੇ ਇਸ ‘ਚ ਹੋਰ ਕੌਣ-ਕੌਣ ਸ਼ਾਮਲ ਹੈ।

