ਨਵਾਂਸ਼ਹਿਰ :- ਨਵਾਂਸ਼ਹਿਰ ਜ਼ਿਲ੍ਹੇ ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਲਿਸ ਟੀਮ ’ਤੇ ਗੈਂਗਸਟਰਾਂ ਵੱਲੋਂ ਅਚਾਨਕ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਅਨੁਸਾਰ, ਸੋਨੂ ਖੱਤਰੀ ਗੈਂਗ ਦੇ ਦੋ ਗੁਰਗਿਆਂ ਨਾਲ ਪੁਲਿਸ ਦਾ ਮੁਕਾਬਲਾ ਹੋਇਆ, ਜਿਸ ਦੌਰਾਨ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ।
ਪੁਲਿਸ ਦੀ ਕਾਰਵਾਈ ਨਾਲ ਦੋ ਗੈਂਗਸਟਰ ਗੋਲੀ ਲੱਗਣ ਨਾਲ ਜ਼ਖ਼ਮੀ
ਮੁਕਾਬਲੇ ਦੌਰਾਨ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋ ਬਦਮਾਸ਼ਾਂ ਨੂੰ ਗੋਲੀ ਲੱਗਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਦੀ ਪਛਾਣ ਇਸ਼ਵਿੰਦਰ ਉਰਫ਼ ਈਸ਼ੂ ਅਤੇ ਅਮਨ ਵਾਸੀ ਜਲੰਧਰ ਵਜੋਂ ਹੋਈ ਹੈ। ਦੋਹਾਂ ਨੂੰ ਪੁਲਿਸ ਨੇ ਜ਼ਖ਼ਮੀ ਹਾਲਤ ਵਿਚ ਨਵਾਂਸ਼ਹਿਰ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਹੈ।
ਮੰਡਾਲੀ ਪਿੰਡ ਵਿਚ ਕਤਲ ਦੀ ਸਾਜ਼ਿਸ਼ — ਪਹਿਲਾਂ ਵੀ ਦੋ ਗਿਰਫ਼ਤਾਰ
ਪੁਲਿਸ ਅਧਿਕਾਰੀਆਂ ਮੁਤਾਬਕ, ਇਹੀ ਗੈਂਗ 29 ਅਕਤੂਬਰ ਦੀ ਰਾਤ ਮੰਡਾਲੀ ਪਿੰਡ ਵਿੱਚ ਕਤਲ ਦੀ ਯੋਜਨਾ ਬਣਾਉਣ ਲਈ ਪਹੁੰਚੀ ਸੀ। ਉਸ ਮਾਮਲੇ ਵਿਚ ਪੁਲਿਸ ਨੇ ਪਹਿਲਾਂ ਹੀ ਦੋ ਦੋਸ਼ੀਆਂ — ਸੰਦੀਪ ਵਾਸੀ ਬਹਿਰਾਮ ਅਤੇ ਅਭੈ ਵਾਸੀ ਜਲੰਧਰ — ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਪੁੱਛਗਿੱਛ ਦੌਰਾਨ ਹੀ ਬਾਕੀ ਦੋ ਦੋਸ਼ੀਆਂ ਦੀ ਪਛਾਣ ਹੋਈ ਸੀ।
ਖਾਨਖੰਨਾ ਮੁਕੰਦਪੁਰ ਵਿਚ ਪੁਲਿਸ ਟੀਮਾਂ ਨੇ ਘੇਰਾ ਪਾਇਆ
ਅੱਜ ਮਿਲੀ ਇਨਪੁਟ ਮਗਰੋਂ ਪੁਲਿਸ ਨੇ ਖਾਨਖੰਨਾ ਮੁਕੰਦਪੁਰ ਇਲਾਕੇ ਵਿੱਚ ਛਾਪਾਮਾਰੀ ਕੀਤੀ। ਸੀ.ਆਈ.ਏ. ਸਟਾਫ਼ ਅਤੇ ਥਾਣਾ ਬਹਿਰਾਮ ਦੀ ਟੀਮ ਜਿਵੇਂ ਹੀ ਮੌਕੇ ’ਤੇ ਪਹੁੰਚੀ, ਤਿਵੇਂ ਹੀ ਬਦਮਾਸ਼ਾਂ ਨੇ ਪੁਲਿਸ ਉੱਤੇ ਛੇ ਗੋਲੀਆਂ ਚਲਾਈਆਂ। ਪੁਲਿਸ ਨੇ ਜਵਾਬੀ ਗੋਲਾਬਾਰੀ ਕਰਦਿਆਂ ਉਨ੍ਹਾਂ ਨੂੰ ਘੇਰ ਲਿਆ। ਬਦਮਾਸ਼ਾਂ ਕੋਲੋਂ ਦੋ ਹਥਿਆਰ ਬਰਾਮਦ ਕੀਤੇ ਗਏ ਹਨ।
ਪੁਲਿਸ ਨੂੰ ਵੱਡੇ ਖੁਲਾਸਿਆਂ ਦੀ ਉਮੀਦ
ਜਾਂਚ ਟੀਮ ਦਾ ਕਹਿਣਾ ਹੈ ਕਿ ਇਸ਼ਵਿੰਦਰ ਅਤੇ ਅਮਨ ਤੋਂ ਪੁੱਛਗਿੱਛ ਦੌਰਾਨ ਗੈਂਗ ਦੀਆਂ ਕਈ ਹੋਰ ਕੜੀਆਂ ਸਾਹਮਣੇ ਆ ਸਕਦੀਆਂ ਹਨ। ਪੁਲਿਸ ਦਾ ਮੰਨਣਾ ਹੈ ਕਿ ਇਹ ਗਿਰੋਹ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਕਈ ਹਥਿਆਰਬੰਦ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ।
ਉੱਚ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ’ਚ ਜਾਂਚ ਜਾਰੀ
ਮਾਮਲੇ ਦੀ ਜਾਂਚ ਨਵਾਂਸ਼ਹਿਰ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਚੱਲ ਰਹੀ ਹੈ। ਸਥਾਨਕ ਲੋਕਾਂ ਨੇ ਪੁਲਿਸ ਦੀ ਤੁਰੰਤ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਨਾਲ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
“ਕਾਨੂੰਨ-ਵਿਵਸਥਾ ਨਾਲ ਖਿਲਵਾਰ ਬਰਦਾਸ਼ਤ ਨਹੀਂ” — ਪੁਲਿਸ ਅਧਿਕਾਰੀ
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੋਨੂ ਖੱਤਰੀ ਗੈਂਗ ਵਰਗੀਆਂ ਅਪਰਾਧਕ ਟੋਲੀਆਂ ਦੇ ਖਿਲਾਫ਼ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ, “ਜਿਹੜੇ ਵੀ ਕਾਨੂੰਨ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਨਾਲ ਪੁਲਿਸ ਸਖ਼ਤੀ ਨਾਲ ਨਿਪਟੇਗੀ।”

