ਤਰਨਤਾਰਨ :- ਤਰਨਤਾਰਨ ਪੁਲਿਸ ਨੇ ਬੀਤੀ ਦੇਰ ਰਾਤ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਐਨਕਾਉਂਟਰ ਦੌਰਾਨ ਫੋਰਚੂਨਰ ਗੱਡੀ ‘ਚ ਸਵਾਰ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਰੋਕ ਟੋਕ ਦੌਰਾਨ ਤਸਕਰਾਂ ਵੱਲੋਂ ਗੋਲੀ ਚਲਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਆਤਮ-ਰੱਖਿਆ ‘ਚ ਜਵਾਬੀ ਫਾਇਰਿੰਗ ਕੀਤੀ।
ਜਵਾਬੀ ਫਾਇਰਿੰਗ ‘ਚ ਅਵਤਾਰ ਸਿੰਘ ਦੀ ਲੱਤ ‘ਚ ਗੋਲੀ
ਪੁਲਿਸ ਦੀ ਕਾਰਵਾਈ ਦੌਰਾਨ ਇੱਕ ਨਸ਼ਾ ਤਸਕਰ ਅਵਤਾਰ ਸਿੰਘ ਬਾਬਾ ਦੀ ਲੱਤ ‘ਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਮੌਕੇ ‘ਤੇ ਹੀ ਦੋਵੇਂ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਲਾਕੇ ਨੂੰ ਪੁਲਿਸ ਨੇ ਘੇਰ ਲਿਆ।
ਜ਼ਖ਼ਮੀ ਤੇ ਗ੍ਰਿਫ਼ਤਾਰ ਤਸਕਰਾਂ ਦੀ ਪਛਾਣ
ਪੁਲਿਸ ਮੁਤਾਬਕ ਜ਼ਖ਼ਮੀ ਤਸਕਰ ਦੀ ਪਛਾਣ ਅਵਤਾਰ ਸਿੰਘ ਬਾਬਾ ਵਾਸੀ ਸੁਰਸਿੰਘ ਵਜੋਂ ਹੋਈ ਹੈ, ਜਦਕਿ ਉਸ ਦਾ ਸਾਥੀ ਜੱਜਪ੍ਰੀਤ ਸਿੰਘ ਹੈ। ਦੋਵੇਂ ਹੀ ਨਸ਼ਾ ਤਸਕਰੀ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।
770 ਗ੍ਰਾਮ ਹੈਰੋਇਨ, ਡਰੱਗ ਮਨੀ ਤੇ ਕੰਡਾ ਬਰਾਮਦ
ਐਨਕਾਉਂਟਰ ਤੋਂ ਬਾਅਦ ਕੀਤੀ ਤਲਾਸ਼ੀ ਦੌਰਾਨ ਪੁਲਿਸ ਨੇ ਤਸਕਰਾਂ ਦੇ ਕਬਜ਼ੇ ‘ਚੋਂ 770 ਗ੍ਰਾਮ ਹੈਰੋਇਨ, ਡਰੱਗ ਮਨੀ ਅਤੇ ਤੋਲਣ ਵਾਲਾ ਕੰਡਾ ਵੀ ਬਰਾਮਦ ਕੀਤਾ ਹੈ, ਜਿਸ ਨਾਲ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦੀ ਸ਼ੰਕਾ ਜਤਾਈ ਜਾ ਰਹੀ ਹੈ।
ਅਪਰਾਧਿਕ ਪਿਛੋਕੜ, ਜਾਂਚ ਜਾਰੀ
ਡੀਐਸਪੀਡੀ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਅਵਤਾਰ ਸਿੰਘ ਬਾਬਾ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਜੱਜਪ੍ਰੀਤ ਸਿੰਘ ਵੀ ਅਪਰਾਧਿਕ ਪਿਛੋਕੜ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਤਸਕਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਦੋਵੇਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

