ਨਵਾਂਸ਼ਹਿਰ :- ਨਵਾਂਸ਼ਹਿਰ ਜਿਲ੍ਹੇ ਵਿੱਚ ਪੁਲਿਸ ਤੇ ਗੈਂਗਸਟਰ ਵਿਚਕਾਰ ਮੰਗਲਵਾਰ ਰਾਤ ਨੂੰ ਗੋਲੀਬਾਰੀ ਹੋਈ। ਮੁਕਾਬਲੇ ਦੌਰਾਨ ਦੋਵਾਂ ਪਾਸਿਓਂ ਗੋਲੀਆਂ ਚਲੀਆਂ, ਜਿਸ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ। ਪੁਲਿਸ ਨੇ ਉਸਨੂੰ ਕਾਬੂ ਕਰਕੇ ਬੰਗਾ ਦੇ ਹਸਪਤਾਲ ’ਚ ਦਾਖਲ ਕਰਵਾਇਆ।
ਜ਼ਖਮੀ ਗੈਂਗਸਟਰ ਦੀ ਪਛਾਣ
ਪੁਲਿਸ ਮੁਤਾਬਕ ਜ਼ਖਮੀ ਦੀ ਪਛਾਣ ਕਰਨਜੀਤ ਸਿੰਘ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਪਾਲਣ (ਜ਼ਿਲ੍ਹਾ ਜਲੰਧਰ) ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ 32 ਬੋਰ ਦੀ ਪਿਨਵਾਂਸ਼ਹਿਰਸਤੌਲ ਵੀ ਬਰਾਮਦ ਕਰਕੇ ਕਬਜ਼ੇ ਵਿੱਚ ਲੈ ਲਈ।
ਸਰਪੰਚ ’ਤੇ ਹਮਲੇ ਦਾ ਦੋਸ਼
ਗੈਂਗਸਟਰ ਜੱਸਾ ਹਾਲ ਹੀ ਵਿੱਚ ਪਿੰਡ ਹੈਪੋਵਾਲ ਵਿੱਚ ਖੇਤਾਂ ਵਿੱਚ ਕੰਮ ਕਰਦੇ ਸਮੇਂ ਸਰਪੰਚ ਗੁਰਿੰਦਰ ਸਿੰਘ ’ਤੇ ਗੋਲੀਬਾਰੀ ਦੇ ਮਾਮਲੇ ਵਿੱਚ ਨਾਮਜ਼ਦ ਸੀ। ਇਸ ਮਾਮਲੇ ’ਚ ਉਹ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ।
ਹਥਿਆਰ ਬਰਾਮਦ ਦੌਰਾਨ ਹੋਈ ਗੋਲੀਬਾਰੀ
ਡੀਐੱਸਪੀ ਬੰਗਾ ਹਰਦੀਪ ਸਿੰਘ ਨੇ ਦੱਸਿਆ ਕਿ ਹਥਿਆਰ ਬਰਾਮਦ ਕਰਨ ਲਈ ਪੁਲਿਸ ਗੈਂਗਸਟਰ ਨੂੰ ਬੰਗਾ-ਫਗਵਾੜਾ ਮੁੱਖ ਸੜਕ ਦੇ ਨੇੜੇ ਇਕ ਕਮਰੇ ’ਚ ਲੈ ਗਈ ਸੀ। ਇਸ ਦੌਰਾਨ ਗੈਂਗਸਟਰ ਨੇ ਮੌਕਾ ਦੇਖਕੇ ਪੁਲਿਸ ’ਤੇ ਤਿੰਨ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਦੀ ਜਵਾਬੀ ਕਾਰਵਾਈ
ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਗੈਂਗਸਟਰ ਦੀ ਲੱਤ ’ਤੇ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਵਿਦੇਸ਼ੀ ਗੈਂਗ ਨਾਲ ਸੰਬੰਧ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰਨਜੀਤ ਸਿੰਘ ਜੱਸਾ ਵਿਦੇਸ਼ ਵਿੱਚ ਸਥਿਤ ਸੋਨੂ ਖੱਤਰੀ ਗੈਂਗ ਦੇ ਇਸ਼ਾਰੇ ’ਤੇ ਕਤਲ, ਫਿਰੌਤੀ ਅਤੇ ਹੋਰ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਸੀ।