ਚੰਡੀਗੜ੍ਹ :- ਪੰਜਾਬੀ ਗਾਇਕ ਖਾਨ ਸਾਬ੍ਹ ਦੇ ਪਿਤਾ ਦੀ ਅੱਜ ਆਖਰੀ ਨਮਾਜ਼ ਅਦਾ ਕੀਤੀ ਗਈ ਅਤੇ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਪਿੰਡ ਭੰਡਾਲ ਦੋਨਾ ਦੇ ਸ਼ਮਸ਼ਾਨਘਾਟ ਵਿੱਚ ਦਫਨਾਇਆ ਗਿਆ। ਇਸ ਮੌਕੇ ‘ਤੇ ਪਰਿਵਾਰਕ ਮੈਂਬਰਾਂ ਸਮੇਤ ਗਾਇਕ ਖਾਨ ਸਾਬ੍ਹ ਵੀ ਮੌਜੂਦ ਸਨ। ਪਿਤਾ ਦੀ ਕਬਰ ਵਿੱਚ ਖੜ੍ਹ ਕੇ ਖਾਨ ਸਾਬ੍ਹ ਆਪ ਨੂੰ ਰੋਕ ਨਾ ਸਕਿਆ ਅਤੇ ਭਾਵੁਕ ਹੋ ਕੇ ਅੱਥਰੂ ਵਹਾ ਬੈਠਾ।
ਲੋਕਾਂ ਲਈ ਭਾਵੁਕ ਸੰਦੇਸ਼
ਅੰਤਿਮ ਰਸਮਾਂ ਦੌਰਾਨ ਖਾਨ ਸਾਬ੍ਹ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਕਿਸੇ ਵੀ ਹਾਲਤ ਵਿੱਚ ਆਪਣੇ ਮਾਤਾ-ਪਿਤਾ ਨੂੰ ਬੁੱਢੇਘਰ ਨਾ ਭੇਜੋ। ਉਸ ਨੇ ਕਿਹਾ, “ਮੇਰੀ ਮਾਂ 19 ਦਿਨ ਪਹਿਲਾਂ ਗਈ ਸੀ, ਹੁਣ ਪਿਤਾ ਜੀ ਵੀ ਚਲੇ ਗਏ। ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ, ਉਹਨਾਂ ਦਾ ਦਿਲ ਕਦੇ ਨਾ ਦੁਖਾਇਆ ਜਾਵੇ। ਅਸੀਂ ਦੋ ਭਰਾ ਹੁਣ ਇਕੱਲੇ ਰਹਿ ਗਏ ਹਾਂ।”
ਖਾਨ ਸਾਬ੍ਹ ਦੀ ਦਰਦ ਭਰੀ ਗੱਲਬਾਤ
ਗਾਇਕ ਨੇ ਰੋਂਦਿਆਂ ਕਿਹਾ ਕਿ ਹਰ ਬੱਚੇ ਨੂੰ ਆਪਣੇ ਮਾਤਾ-ਪਿਤਾ ਦੇ ਚਲੇ ਜਾਣ ਦਾ ਗਹਿਰਾ ਦੁੱਖ ਹੁੰਦਾ ਹੈ। ਉਸ ਨੇ ਕਿਹਾ, “ਮੈਨੂੰ ਵੀ ਇਹ ਘਾਟਾ ਸਹਿਣਾ ਪਿਆ ਹੈ, ਮੈਂ ਵੀ ਟੁੱਟ ਗਿਆ ਹਾਂ। ਮੇਰਾ ਰਹਿ ਕੀ ਗਿਆ ਹੁਣ?” ਉਸ ਦੀਆਂ ਇਹ ਗੱਲਾਂ ਸੁਣ ਕੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮੀ ਹੋ ਗਈਆਂ।
ਪਿਤਾ ਦੀ ਪਹਿਲਾਂ ਤੋਂ ਕੀਤੀ ਖ਼ਾਹਿਸ਼
ਖਾਨ ਸਾਬ੍ਹ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਗਾਇਕ ਦੇ ਪਿਤਾ ਨੇ ਦੋ ਦਿਨ ਪਹਿਲਾਂ ਹੀ ਆਪਣੀ ਖ਼ਾਹਿਸ਼ ਜ਼ਾਹਿਰ ਕੀਤੀ ਸੀ ਕਿ ਜਦੋਂ ਵੀ ਉਹ ਇਸ ਦੁਨੀਆ ਤੋਂ ਜਾਣ, ਉਨ੍ਹਾਂ ਨੂੰ ਆਪਣੀ ਪਤਨੀ — ਖਾਨ ਸਾਬ੍ਹ ਦੀ ਮਾਤਾ ਜੀ — ਦੀ ਕਬਰ ਦੇ ਨਾਲ ਹੀ ਦਫਨਾਇਆ ਜਾਵੇ। ਇਹ ਗੱਲ ਉਨ੍ਹਾਂ ਨੇ ਆਪਣੇ ਭਰਾ ਦੀਆਂ ਬੇਟੀਆਂ ਨਾਲ ਸਾਂਝੀ ਕੀਤੀ ਸੀ।