ਤਰਨਤਾਰਨ :- ਜ਼ਿਲ੍ਹਾ ਤਰਨਤਾਰਨ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਹਨ। ਪੰਜਾਬ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਧੀਨ 18 ਜਨਵਰੀ 2026 ਨੂੰ ਜ਼ਿਲ੍ਹੇ ਦੀਆਂ ਚਾਰ ਗਰਾਮ ਪੰਚਾਇਤਾਂ ਵਿੱਚ ਵੋਟਿੰਗ ਕਰਵਾਈ ਜਾ ਰਹੀ ਹੈ, ਜਿਸਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਹਿਮ ਹੁਕਮ ਜਾਰੀ ਕੀਤੇ ਗਏ ਹਨ।
ਕਿਹੜੀਆਂ ਗਰਾਮ ਪੰਚਾਇਤਾਂ ’ਚ ਹੋਵੇਗੀ ਵੋਟਿੰਗ
ਇਹ ਚੋਣਾਂ ਪਿੰਡ ਕਾਜ਼ੀਕੋਟ, ਕੱਕਾ ਕੰਡਿਆਲਾ, ਪੰਡੋਰੀ ਗੋਲਾ ਅਤੇ ਮਾੜੀ ਕੰਬੋਕੇ ਵਿੱਚ ਕਰਵਾਈਆਂ ਜਾਣਗੀਆਂ। ਚੋਣ ਪ੍ਰਕਿਰਿਆ ਨੂੰ ਸੁਚੱਜੇ ਅਤੇ ਬਿਨਾਂ ਕਿਸੇ ਵਿਘਨ ਦੇ ਪੂਰਾ ਕਰਨ ਲਈ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।
ਹਥਿਆਰਾਂ ’ਤੇ ਪੂਰਨ ਪਾਬੰਦੀ ਦੇ ਹੁਕਮ
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਹੁਲ, ਆਈਏਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਪਰੋਕਤ ਪਿੰਡਾਂ ਦੀ ਹਦੂਦ ਅੰਦਰ ਲਾਇਸੰਸੀ ਹਥਿਆਰ, ਗੋਲੀ-ਸਿੱਕਾ, ਵਿਸਫੋਟਕ ਸਮੱਗਰੀ ਜਾਂ ਕਿਸੇ ਵੀ ਕਿਸਮ ਦੇ ਮਾਰੂ ਹਥਿਆਰ ਨਾਲ ਲੈ ਕੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਹਨ।
ਨਾਮਜ਼ਦਗੀ ਤੋਂ ਵੋਟਿੰਗ ਤੱਕ ਪੂਰਾ ਚੋਣੀ ਸ਼ਡਿਊਲ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦਵਾਰ 5 ਜਨਵਰੀ ਤੋਂ 8 ਜਨਵਰੀ 2026 ਨੂੰ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰ ਸਕਣਗੇ। 9 ਜਨਵਰੀ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ 10 ਜਨਵਰੀ ਨੂੰ ਦੁਪਹਿਰ 3 ਵਜੇ ਤੱਕ ਨਾਮ ਵਾਪਸ ਲਏ ਜਾ ਸਕਣਗੇ।
18 ਜਨਵਰੀ ਨੂੰ ਸਵੇਰ ਤੋਂ ਸ਼ਾਮ ਤੱਕ ਵੋਟਿੰਗ
ਚੋਣ ਅਧਿਕਾਰੀਆਂ ਮੁਤਾਬਕ 18 ਜਨਵਰੀ 2026 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਵੋਟਿੰਗ ਮੁਕੰਮਲ ਹੋਣ ਉਪਰੰਤ ਉਸੇ ਦਿਨ ਅਤੇ ਓਹੀ ਪੋਲਿੰਗ ਸੈਂਟਰਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਚੋਣ ਜ਼ਾਬਤਾ ਲਾਗੂ
ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ ਚੋਣੀ ਪ੍ਰਕਿਰਿਆ ਦੇ ਪੂਰਾ ਹੋਣ ਤੱਕ ਸਬੰਧਤ ਗਰਾਮ ਪੰਚਾਇਤਾਂ ਦੇ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਰਹੇਗਾ।

