ਕਪੂਰਥਲਾ :- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡੀ.ਸੀ. ਅਮਿਤ ਕੁਮਾਰ ਪੰਚਾਲ ਨੇ ਐੱਸ.ਐੱਸ.ਪੀ. ਗੌਰਵ ਤੂਰਾ ਦੇ ਨਾਲ ਮਿਲਕੇ ਚੋਣ ਪ੍ਰਬੰਧਾਂ ਦੀ ਵਿਸਥਾਰਿਤ ਸਮੀਖਿਆ ਕੀਤੀ ਅਤੇ ਜ਼ੋਰ ਲਾਇਆ ਕਿ ਚੋਣਾਂ ਨਿਰਪੱਖ, ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਹੋਣਗੀਆਂ।
661 ਪੋਲਿੰਗ ਬੂਥਾਂ ਦੀ ਸਥਾਪਨਾ ਮੁਕੰਮਲ
ਡੀ.ਸੀ. ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਕੁੱਲ 661 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਪ੍ਰਸ਼ਾਸਨ ਨੇ ਪੋਲਿੰਗ ਟੀਮਾਂ ਦੀ ਟ੍ਰੇਨਿੰਗ ਵੀ ਵੱਖ-ਵੱਖ ਕੇਂਦਰਾਂ ’ਤੇ ਪੂਰੀ ਕਰਵਾ ਦਿੱਤੀ ਹੈ। ਇਸ ਤੋਂ ਇਲਾਵਾ, ਪੋਲਿੰਗ ਪਾਰਟੀਆਂ ਦੀ ਆਵਾਜਾਈ ਤੇ ਸੁਰੱਖਿਆ ਲਈ ਖ਼ਾਸ ਤੌਰ ’ਤੇ ਪੱਕੇ ਪ੍ਰਬੰਧ ਕੀਤੇ ਗਏ ਹਨ।
14 ਦਸੰਬਰ ਨੂੰ ਪੋਲਿੰਗ, 17 ਦਸੰਬਰ ਨੂੰ ਗਿਣਤੀ
ਅਧਿਕਾਰੀਆਂ ਨੇ ਦੱਸਿਆ ਕਿ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰ ਸਿਸਟਮ ਰਾਹੀਂ ਚੋਣਾਂ ਕਰਵਾਈਆਂ ਜਾਣਗੀਆਂ। ਕਪੂਰਥਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਅਤੇ ਬਲਾਕ ਸੰਮਤੀ ਦੇ 5 ਬਲਾਕਾਂ ਅਧੀਨ 88 ਜ਼ੋਨਾਂ ਵਿੱਚ ਵੋਟਿੰਗ ਹੋਵੇਗੀ। ਪੋਲਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ 17 ਦਸੰਬਰ 2025, ਬੁੱਧਵਾਰ ਨੂੰ ਨਿਰਧਾਰਤ ਗਿਣਤੀ ਕੇਂਦਰਾਂ ’ਤੇ ਕੀਤੀ ਜਾਵੇਗੀ।
ਸੀਨੀਅਰ ਅਧਿਕਾਰੀ ਮੀਟਿੰਗ ਦੌਰਾਨ ਮੌਜੂਦ
ਸਮੀਖਿਆ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਵਨੀਤ ਕੌਰ ਬੱਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਐੱਸ.ਪੀ. ਗੁਰਪ੍ਰੀਤ ਸਿੰਘ, ਐੱਸ.ਪੀ. ਮਾਧਵੀ ਸ਼ਰਮਾ ਦੇ ਨਾਲ ਸਾਰੇ ਰਿਟਰਨਿੰਗ ਅਫ਼ਸਰ ਅਤੇ ਡੀ.ਐੱਸ.ਪੀ.ਜ਼ ਵੀ ਹਾਜ਼ਰ ਰਹੇ।

