ਅੰਮ੍ਰਿਤਸਰ :- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ, ਜਿਥੇ ਉਹ ਨਿਮਰਤਾ ਨਾਲ ਨੰਗੇ ਪੈਰੀਂ ਸ੍ਰੀ ਦਰਬਾਰ ਸਾਹਿਬ ਪਹੁੰਚੇ। ਮੰਜ਼ਰ ਉਸ ਵੇਲੇ ਦੇਖਣਯੋਗ ਸੀ ਜਦੋਂ ਉਹ ਹੈਰੀਟੇਜ ਸਟਰੀਟ ਰਾਹੀਂ ਨਤਮਸਤਕ ਹੋਣ ਨਿਕਲੇ। ਅੱਜ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੈਅ ਸੀ। ਜਿਸ ‘ਚ ਉਨ੍ਹਾਂ ਦੀ ਹਾਜ਼ਰੀ ਲਾਜ਼ਮੀ ਕਰਾਰ ਦਿੱਤੀ ਗਈ।
ਸ਼ਹੀਦੀ ਸਮਾਗਮ ਦੌਰਾਨ ਗਾਇਕੀ ਤੇ ਭੰਗੜੇ ਨੇ ਬਣਾਇਆ ਵਿਵਾਦ
ਇਹ ਪੂਰਾ ਮਾਮਲਾ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਇੱਕ ਧਾਰਮਿਕ ਸਮਾਗਮ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਅਨੁਸਾਰ, ਇਸ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੂੰ ਸਟੇਜ ਉੱਤੇ ਗਾਣਾ ਗਾਉਣ ਲਈ ਬੁਲਾਇਆ ਗਿਆ ਸੀ। ਪਰ ਜਦੋਂ ਗਾਇਕੀ ਦੇ ਦੌਰਾਨ ਸਟੇਜ ਉੱਤੇ ਭੰਗੜਾ ਪਾਇਆ ਗਿਆ, ਤਾਂ ਇਹ ਗੱਲ ਕਈ ਧਾਰਮਿਕ ਜਥੇਬੰਦੀਆਂ ਨੂੰ ਅਪਮਾਨਜਨਕ ਲੱਗੀ।
ਇਸ ਮਾਮਲੇ ਬਾਅਦ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਗਾਇਕ ਬੀਰ ਸਿੰਘ ਦੋਹਾਂ ਵੱਲੋਂ ਜਨਤਕ ਤੌਰ ‘ਤੇ ਮੁਆਫੀ ਮੰਗੀ ਗਈ ਸੀ। ਬਾਵਜੂਦ ਇਸ ਦੇ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਧਰਮ ਮਰਯਾਦਾ ਅਨੁਸਾਰ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਵਿਅਕਤੀਗਤ ਤੌਰ ‘ਤੇ ਤਲਬ ਕੀਤਾ ਗਿਆ ਹੈ।
ਸੰਗਤ ‘ਚ ਚਰਚਾ ਦਾ ਵਿਸ਼ਾ ਬਣਿਆ ਮਾਮਲਾ
ਇਹ ਸਾਰਾ ਮਾਮਲਾ ਹੁਣ ਸਿੱਖ ਜਗਤ ‘ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕਈ ਸੰਗਤਾਂ ਵੱਲੋਂ ਇਹ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਕੀ ਐਸੇ ਸਮਾਗਮਾਂ ‘ਚ ਸਾਫ਼ ਧਾਰਮਿਕ ਲਕੜੀ ਰੱਖੀ ਜਾ ਰਹੀ ਹੈ ਜਾਂ ਫਿਰ ਇਹ ਰਸਮੀ ਤੌਰ ‘ਤੇ ਮਨਾਏ ਜਾ ਰਹੇ ਨੇ। ਉੱਥੇ ਹੀ, ਕਈ ਹੋਰ ਲੋਕ ਇਹ ਵੀ ਕਹਿ ਰਹੇ ਹਨ ਕਿ ਜੇਕਰ ਮਾਫੀ ਮੰਗ ਲਈ ਗਈ ਸੀ ਤਾਂ ਫੇਰ ਇਸ ਤਰ੍ਹਾਂ ਦੀ ਤਲਬੀ ਦੀ ਲੋੜ ਕਿਉਂ ਪਈ।
ਹੁਣ ਦਿਲਚਸਪੀ ਇਸ ਗੱਲ ‘ਚ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਅੱਜ ਦੀ ਮੀਟਿੰਗ ‘ਚ ਕੀ ਨਤੀਜਾ ਨਿਕਲਦਾ ਹੈ ਤੇ ਕੀ ਸਿੱਖਿਆ ਮੰਤਰੀ ਵੱਲੋਂ ਹੋਰ ਕੋਈ ਵਿਆਖਿਆ ਜਾਂ ਮਾਫੀ ਪੇਸ਼ ਕੀਤੀ ਜਾਂਦੀ ਹੈ।
ਬਣੇ ਰਹੋ ਐਨਕਾਉਂਟਰ ਨਿਊਜ਼ ਪੰਜਾਬ ਦੇ ਨਾਲ…..