ਫਾਜ਼ਿਲਕਾ :- ਫਾਜ਼ਿਲਕਾ ਜ਼ਿਲ੍ਹੇ ਤੋਂ ਇੱਕ ਅਹਿਮ ਪ੍ਰਸ਼ਾਸਕੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ (ਆਈ.ਏ.ਐਸ.) ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 163 (ਪੁਰਾਣੀ ਸੀ.ਆਰ.ਪੀ.ਸੀ. 144) ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਸ਼ਾਂਤੀ-ਕਾਇਮ ਰੱਖਣ ਲਈ ਕਈ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਸਾਰੇ ਹੁਕਮ 31 ਦਸੰਬਰ 2025 ਤੱਕ ਲਾਗੂ ਰਹਿਣਗੇ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰੈਸਟੋਰੈਂਟਾਂ ਅਤੇ ਹੁੱਕਾ ਬਾਰਾਂ ਵਿੱਚ ਹੁੱਕਾ ਪੂਰੀ ਤਰ੍ਹਾਂ ਮਨ੍ਹਾ
ਡੀ.ਸੀ. ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਕਿਸੇ ਵੀ ਰੈਸਟੋਰੈਂਟ, ਕੈਫੇ ਜਾਂ ਹੁੱਕਾ ਬਾਰ ਵਿੱਚ ਗਾਹਕਾਂ ਨੂੰ ਹੁੱਕਾ ਸਰਵ ਨਹੀਂ ਕੀਤਾ ਜਾਵੇਗਾ। ਇਹ ਹੁਕਮ ਸਾਰੇ ਪਿੰਡਾਂ ਤੇ ਨਗਰ ਕੌਂਸਲਾਂ ਦੀਆਂ ਹੱਦਾਂ ਵਿੱਚ ਇਕਸਾਰ ਲਾਗੂ ਰਹਿਣਗੇ। ਉਲੰਘਣਾ ਕਰਨ ‘ਤੇ ਸੰਬੰਧਿਤ ਮਾਲਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਪਾਕਿਸਤਾਨੀ ਸਿਮ ਕਾਰਡ ਰੱਖਣ ਤੇ ਵਰਤਣ ‘ਤੇ ਪਾਬੰਦੀ
ਇੱਕ ਹੋਰ ਅਹਿਮ ਹੁਕਮ ਅਨੁਸਾਰ, ਫਾਜ਼ਿਲਕਾ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਚਾਰ ਕਿਲੋਮੀਟਰ ਦੇ ਘੇਰੇ ਵਿੱਚ ਪਾਕਿਸਤਾਨੀ ਸਿਮ ਕਾਰਡ ਰੱਖਣ ਜਾਂ ਵਰਤਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਸੁਰੱਖਿਆ ਸੰਬੰਧੀ ਕਾਰਨਾਵਾਂ ਕਰਕੇ ਜ਼ਰੂਰੀ ਕਦਮ ਹੈ।
ਡਰੋਨ ਤੇ ਕੈਮਰੇ ਉਡਾਉਣ ‘ਤੇ ਰੋਕ
ਜ਼ਿਲ੍ਹਾ ਮੈਜਿਸਟ੍ਰੇਟ ਨੇ ਸਰਹੱਦੀ ਇਲਾਕੇ ਵਿੱਚ ਡਰੋਨ, ਕੁਆਡਕਾਪਟਰ, ਕੈਮਰੇ ਜਾਂ ਹੋਰ ਉਡਾਣ ਯੋਗ ਉਪਕਰਣ ਉਡਾਉਣ ‘ਤੇ ਵੀ ਪਾਬੰਦੀ ਲਗਾਈ ਹੈ। ਇਹ ਫੈਸਲਾ ਬੀ.ਐਸ.ਐਫ. ਦੀ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ।
ਮੈਰਿਜ ਪੈਲੇਸਾਂ ਵਿੱਚ ਹਥਿਆਰ ਲਿਆਉਣ ਅਤੇ ਗੋਲੀਬਾਰੀ ‘ਤੇ ਰੋਕ
ਫਾਜ਼ਿਲਕਾ ਜ਼ਿਲ੍ਹੇ ਦੇ ਮੈਰਿਜ ਪੈਲੇਸਾਂ ਵਿੱਚ ਕਿਸੇ ਵੀ ਕਿਸਮ ਦੇ ਹਥਿਆਰ ਲਿਆਉਣ, ਦਿਖਾਉਣ ਜਾਂ ਸ਼ਗਨ ਸਮਾਰੋਹ ਦੌਰਾਨ ਗੋਲੀਬਾਰੀ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਜ਼ਿਲ੍ਹੇ ਵਿੱਚ ਸੁਰੱਖਿਆ ਅਤੇ ਜਨਤਕ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਚੁੱਕਿਆ ਗਿਆ ਹੈ।
ਸਰਹੱਦੀ ਪਿੰਡਾਂ ਵਿੱਚ ਸ਼ਾਮ ਤੋਂ ਬਾਅਦ ਡੀ.ਜੇ. ਤੇ ਲੇਜ਼ਰ ਲਾਈਟਾਂ ਮਨ੍ਹਾ
ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਦਿੱਤੇ ਹਨ ਕਿ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਸ਼ਾਮ 5 ਵਜੇ ਤੋਂ ਬਾਅਦ ਡੀ.ਜੇ. ਸਿਸਟਮ, ਪਟਾਕਿਆਂ ਅਤੇ ਲੇਜ਼ਰ ਲਾਈਟਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸਦਾ ਮਕਸਦ ਸਰਹੱਦੀ ਇਲਾਕਿਆਂ ਵਿੱਚ ਗਤੀਵਿਧੀਆਂ ਤੇ ਨਿਗਰਾਨੀ ਵਧਾਉਣਾ ਹੈ।
ਸਰਹੱਦ ਨੇੜੇ ਉੱਚੀਆਂ ਫਸਲਾਂ ਦੀ ਬਿਜਾਈ ‘ਤੇ ਪਾਬੰਦੀ
ਡੀ.ਸੀ. ਅਮਰਪ੍ਰੀਤ ਕੌਰ ਸੰਧੂ ਨੇ ਹੁਕਮ ਜਾਰੀ ਕੀਤੇ ਹਨ ਕਿ ਅੰਤਰਰਾਸ਼ਟਰੀ ਸਰਹੱਦ ਅਤੇ ਬੀ.ਐਸ.ਐਫ. ਵਾੜ ਦੇ ਵਿਚਕਾਰ, ਅਤੇ ਭਾਰਤੀ ਪਾਸੇ ਵਾੜ ਤੋਂ 70 ਤੋਂ 100 ਮੀਟਰ ਤੱਕ ਦੇ ਖੇਤਰ ਵਿੱਚ ਉੱਚੀਆਂ ਫਸਲਾਂ — ਜਿਵੇਂ ਬੀ.ਟੀ. ਕਪਾਹ, ਮੱਕੀ, ਜਵਾਰ, ਗੰਨਾ, ਸਰ੍ਹੋਂ, ਰੇਪਸੀਡ, ਸੂਰਜਮੁਖੀ ਆਦਿ ਦੀ ਬਿਜਾਈ ਨਹੀਂ ਕੀਤੀ ਜਾਵੇਗੀ। ਬੀ.ਐਸ.ਐਫ. ਨੇ ਧਿਆਨ ਵਿੱਚ ਲਿਆਂਦਾ ਸੀ ਕਿ ਕੁਝ ਕਿਸਾਨ ਇਸ ਖੇਤਰ ਵਿੱਚ 4.5 ਫੁੱਟ ਤੋਂ ਵੱਧ ਉੱਚੀਆਂ ਫਸਲਾਂ ਬੀਜ ਰਹੇ ਹਨ, ਜੋ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਇਹ ਪਾਬੰਦੀ ਲਾਗੂ ਕੀਤੀ ਗਈ ਹੈ।
ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ
ਡੀ.ਸੀ. ਨੇ ਚੇਤਾਵਨੀ ਦਿੱਤੀ ਹੈ ਕਿ ਉਪਰੋਕਤ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬੀ.ਐਨ.ਐਸ.ਐਸ. ਦੇ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਕਾਨੂੰਨ-ਵਿਵਸਥਾ ਬਣਾਈ ਰੱਖਣ।

