ਚੰਡੀਗੜ੍ਹ :- ਪੰਜਾਬ ਵਿੱਚ ਨਸ਼ੇ ਦੇ ਕਹਿਰ ਦੀ ਇੱਕ ਹੋਰ ਦਰਦਨਾਕ ਤਸਵੀਰ ਬਠਿੰਡਾ ਜ਼ਿਲ੍ਹੇ ਦੇ ਲੇਲੇਵਾਲਾ ਪਿੰਡ ਤੋਂ ਸਾਹਮਣੇ ਆਈ ਹੈ, ਜਿੱਥੇ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਹਿੰਮਤ ਸਿੰਘ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਨੌਜਵਾਨ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਪਰਿਵਾਰਕ ਜਾਣਕਾਰੀ ਮੁਤਾਬਕ ਹਿੰਮਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦਾ ਨੌਂ ਮਹੀਨੇ ਦਾ ਇੱਕ ਬੱਚਾ ਹੈ, ਜਦਕਿ ਉਸਦੀ ਪਤਨੀ ਗਰਭਵਤੀ ਹੈ। ਨੌਜਵਾਨ ਦੀ ਅਚਾਨਕ ਮੌਤ ਨਾਲ ਘਰ ਵਿੱਚ ਮਾਤਮ ਛਾ ਗਿਆ ਹੈ ਅਤੇ ਪਰਿਵਾਰ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ।
ਖੇਤ ’ਚ ਲੈ ਜਾ ਕੇ ਨਸ਼ਾ ਦੇਣ ਦੇ ਦੋਸ਼
ਮ੍ਰਿਤਕ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਪਿੰਡ ਦੇ ਕੁਝ ਨਸ਼ਾ ਤਸਕਰ ਨੌਜਵਾਨ ਹਿੰਮਤ ਸਿੰਘ ਨੂੰ ਇਹ ਕਹਿ ਕੇ ਘਰੋਂ ਨਾਲ ਲੈ ਗਏ ਸਨ ਕਿ ਉਹ ਕਿਸੇ ਮਾਮਲੇ ਵਿੱਚ ਸਮਝੌਤਾ ਕਰਵਾਉਣਾ ਚਾਹੁੰਦੇ ਹਨ। ਪਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੌਜਵਾਨ ਨੂੰ ਇੱਕ ਖੇਤ ਵਿੱਚ ਲੈ ਜਾ ਕੇ ਨਸ਼ਾ ਦਿੱਤਾ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਓਵਰਡੋਜ਼ ਨਾਲ ਉਸਦੀ ਮੌਤ ਹੋ ਗਈ।
ਮਾਂ ਤੇ ਦਾਦੀ ਦਾ ਰੋ-ਰੋ ਕੇ ਇਨਸਾਫ਼ ਦੀ ਮੰਗ
ਮ੍ਰਿਤਕ ਦੀ ਮਾਂ ਅਤੇ ਦਾਦੀ ਨੇ ਪਿੰਡ ਦੇ ਕੁਝ ਨੌਜਵਾਨਾਂ ’ਤੇ ਖੁੱਲ੍ਹੇਆਮ ਨਸ਼ਾ ਵੇਚਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਕਿਸੇ ਮਾਂ ਦਾ ਲਾਲ ਨਸ਼ੇ ਦੀ ਭੇਟ ਨਾ ਚੜ੍ਹੇ।
ਪੁਲਿਸ ਵੱਲੋਂ ਤੁਰੰਤ ਕਾਰਵਾਈ
ਇਸ ਮਾਮਲੇ ’ਚ ਤਲਵੰਡੀ ਸਾਬੋ ਦੇ ਡੀਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੇਲੇਵਾਲਾ ਪਿੰਡ ਦੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਤੀਸਰੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਸ਼ੇ ਕਾਰਨ ਹੋਈ ਇਸ ਮੌਤ ਨੇ ਇਕ ਵਾਰ ਫਿਰ ਪੰਜਾਬ ਵਿੱਚ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਨਸ਼ੇ ਦੇ ਵਧਦੇ ਜਾਲ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

