ਲਹਿਰਾਗਾਗਾ :- ਲਹਿਰਾਗਾਗਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਗੰਭੀਰ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਵਾਰਡ ਨੰਬਰ 9, 12, 14 ਅਤੇ 15 ਵਿੱਚ ਘਰਾਂ ਤੱਕ ਪਹੁੰਚ ਰਹੀ ਪਾਣੀ ਸਪਲਾਈ ਇੰਨੀ ਗੰਦੀ ਹੈ ਕਿ ਲੋਕਾਂ ਨੇ ਇਸਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਪਾਣੀ ਵਿੱਚ ਸੀਵਰੇਜ ਮਿਲਣ ਕਾਰਨ ਇਹ ਮਨੁੱਖੀ ਵਰਤੋਂ ਹੀ ਨਹੀਂ, ਸਗੋਂ ਪਸ਼ੂਆਂ ਲਈ ਵੀ ਅਣਉਚਿਤ ਹੋ ਚੁੱਕਾ ਹੈ।
ਘਰਾਂ ਵਿੱਚ ਪੀਲੀਆ ਦੇ ਮਾਮਲੇ ਵਧੇ
ਇਲਾਕੇ ਦੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਗੰਦਲੇ ਪਾਣੀ ਦੀ ਸਪਲਾਈ ਕਾਰਨ ਕਈ ਘਰਾਂ ਵਿੱਚ ਪੀਲੀਆ ਦੇ ਲੱਛਣ ਸਾਹਮਣੇ ਆ ਰਹੇ ਹਨ। ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਲੋਕ ਪਾਣੀ ਨਾਲ ਨਾ ਦੰਦ ਸਾਫ਼ ਕਰ ਸਕਦੇ ਹਨ, ਨਾ ਕੱਪੜੇ ਧੋ ਸਕਦੇ ਹਨ ਅਤੇ ਨਾ ਹੀ ਇਸ਼ਨਾਨ ਕਰਨ ਯੋਗ ਰਹਿ ਗਿਆ ਹੈ।
ਦੂਰ-ਦੂਰ ਤੋਂ ਪਾਣੀ ਲਿਆਉਣ ਲਈ ਮਜਬੂਰ ਲੋਕ
ਮੀਡੀਆ ਟੀਮ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਈ ਘਰਾਂ ਵਿੱਚ ਪਾਣੀ ਪੂਰੀ ਤਰ੍ਹਾਂ ਗੰਧਲਾ ਆ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਉਹ ਮਜਬੂਰੀ ਵਸ਼ ਦੂਰਲੇ ਇਲਾਕਿਆਂ ਜਾਂ ਉਹਨਾਂ ਘਰਾਂ ਤੋਂ ਪਾਣੀ ਭਰ ਕੇ ਲਿਆ ਰਹੇ ਹਨ, ਜਿੱਥੇ ਨਿੱਜੀ ਸਮਰਸੀਬਲ ਲੱਗੇ ਹੋਏ ਹਨ।
ਕਾਂਗਰਸੀ ਨੇਤਾ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ ਮਸਲੇ ਨੂੰ ਲੈ ਕੇ ਕਾਂਗਰਸੀ ਆਗੂ ਦੁਰਲੱਭ ਸਿੰਘ ਸਿੱਧੂ ਨੇ ਸਰਕਾਰੀ ਨਾਕਾਮੀ ’ਤੇ ਸਵਾਲ ਖੜੇ ਕਰਦਿਆਂ ਸ਼ਹਿਰ ਵਿੱਚ ਫਲੈਕਸ ਵੀ ਲਗਵਾਏ ਹਨ। ਉਨ੍ਹਾਂ ਕਿਹਾ ਕਿ ਜਲ ਸਰੋਤ ਮੰਤਰੀ ਦਾ ਇਲਾਕਾ ਹੋਣ ਦੇ ਬਾਵਜੂਦ ਲੋਕ ਸਾਫ਼ ਪਾਣੀ ਤੋਂ ਵੰਝੇ ਹਨ ਅਤੇ ਹਰ ਗਲੀ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।
ਪੂਰੀ ਵਾਟਰ ਸਪਲਾਈ ਬਦਲਣ ਦੀ ਮੰਗ
ਦੁਰਲੱਭ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਸ਼ਹਿਰ ਦੀ ਪੂਰੀ ਵਾਟਰ ਸਪਲਾਈ ਲਾਈਨ ਨੂੰ ਬਦਲ ਕੇ ਨਵੀਂ ਪਾਈਪਲਾਈਨ ਵਿਛਾਈ ਜਾਵੇ, ਤਾਂ ਜੋ ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮਿਲ ਸਕੇ।
ਕਿਸਾਨ ਨੇਤਾ ਨੇ ਵੀ ਜਤਾਈ ਚਿੰਤਾ
ਕਿਸਾਨ ਆਗੂ ਗੁਰੀ ਚਹਿਲ ਨੇ ਕਿਹਾ ਕਿ ਪਿਛਲੇ ਦੋ ਤੋਂ ਤਿੰਨ ਮਹੀਨਿਆਂ ਤੋਂ ਲਗਾਤਾਰ ਗੰਦਲਾ ਪਾਣੀ ਆ ਰਿਹਾ ਹੈ, ਜਿਸ ਕਾਰਨ ਲੋਕ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਆ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ।
ਨਗਰ ਕੌਂਸਲ ਪ੍ਰਧਾਨ ਦਾ ਜਵਾਬ
ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਵਾਟਰ ਸਪਲਾਈ ਲਾਈਨਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਕਈ ਥਾਵਾਂ ’ਤੇ ਪੁਰਾਣੇ ਅਤੇ ਖ਼ਰਾਬ ਕਨੈਕਸ਼ਨ ਵੀ ਕੱਟੇ ਗਏ ਹਨ।
ਪੁਰਾਣੀਆਂ ਪਾਈਪਾਂ ਬਣੀਆਂ ਮੁੱਖ ਕਾਰਨ
ਕਾਂਤਾ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਘਰਾਂ ਵਿੱਚ 25–30 ਸਾਲ ਪੁਰਾਣੀਆਂ, ਜੰਗ ਲੱਗੀਆਂ ਪਾਈਪਾਂ ਹਨ, ਉਹਨਾਂ ਨੂੰ ਤੁਰੰਤ ਬਦਲਿਆ ਜਾਵੇ। ਉਨ੍ਹਾਂ ਕਿਹਾ ਕਿ ਲੀਕਜ ਕਾਰਨ ਹੀ ਪਾਣੀ ਗੰਧਲਾ ਹੋ ਰਿਹਾ ਹੈ ਅਤੇ ਨਗਰ ਕੌਂਸਲ ਸ਼ਹਿਰ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਜਲਦ ਹੱਲ ਦਾ ਭਰੋਸਾ
ਨਗਰ ਕੌਂਸਲ ਪ੍ਰਧਾਨ ਨੇ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ, ਤਾਂ ਜੋ ਲਹਿਰਾਗਾਗਾ ਦੇ ਲੋਕਾਂ ਤੱਕ ਸਾਫ਼, ਸੁਥਰਾ ਅਤੇ ਸਿਹਤਮੰਦ ਪੀਣ ਵਾਲਾ ਪਾਣੀ ਪਹੁੰਚ ਸਕੇ।

