ਚੰਡੀਗੜ੍ਹ :- ਵਿਜੀਲੈਂਸ ਬਿਊਰੋ ਨੇ ਡੀ.ਆਰ.ਡੀ.ਓ. (DRDO) ਦੇ ਟੈਕਨੀਕਲ ਅਫ਼ਸਰ ਅਮਿਤ ਸੋਲੰਕੀ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਸੋਲੰਕੀ ਨੂੰ ਫੜਨ ਲਈ ਟੀਮ ਵੱਲੋਂ ਸੈਕਟਰ-29 ਵਿਖੇ ਖਾਸ ਟਰੈਪ ਲਾਇਆ ਗਿਆ ਸੀ।
ਬਿੱਲ ਪਾਸ ਕਰਨ ਲਈ ਮੰਗੀ ਰਿਸ਼ਵਤ
ਸ਼ਿਕਾਇਤਕਰਤਾ ਆਸ਼ੂਤੋਸ਼ ਸਿੰਘ, ਜੋ ਦਿੱਲੀ ਸਥਿਤ ਸ਼ਕਤੀ ਇੰਟਰਪ੍ਰਾਈਜ਼ ਕੰਪਨੀ ਵਿੱਚ ਸ਼ਾਖਾ ਪ੍ਰਬੰਧਕ ਹੈ, ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਡੀ.ਆਰ.ਡੀ.ਓ. ਨੂੰ ਮੈਨਪਾਵਰ ਮੁਹੱਈਆ ਕਰਵਾਉਂਦੀ ਹੈ। 2021 ਵਿੱਚ ਕੰਪਨੀ ਵੱਲੋਂ 16 ਲੱਖ ਅਤੇ 4.35 ਲੱਖ ਰੁਪਏ ਦੇ ਦੋ ਬਿੱਲ ਜਮ੍ਹਾਂ ਕਰਵਾਏ ਗਏ ਸਨ। 16 ਲੱਖ ਦਾ ਬਿੱਲ ਪਾਸ ਹੋ ਗਿਆ ਪਰ 4.35 ਲੱਖ ਦੇ ਬਿੱਲ ’ਤੇ ਇਤਰਾਜ਼ ਜਤਾਇਆ ਗਿਆ।
‘2.35 ਲੱਖ ਦੇਵੋ ਤਾਂ ਬਿੱਲ ਪਾਸ ਕਰਵਾਉਂ’
ਆਸ਼ੂਤੋਸ਼ ਸਿੰਘ ਦਾ ਦੋਸ਼ ਹੈ ਕਿ ਇਸ ਮਾਮਲੇ ’ਚ ਗੱਲਬਾਤ ਦੌਰਾਨ ਟੈਕਨੀਕਲ ਅਫ਼ਸਰ ਅਮਿਤ ਸੋਲੰਕੀ ਨੇ ਬਿੱਲ ਪਾਸ ਕਰਨ ਦੇ ਬਦਲੇ 2.35 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਆਸ਼ੂਤੋਸ਼ ਨੇ ਤੁਰੰਤ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਟੀਮ ਨੇ ਕਾਰਵਾਈ ਸ਼ੁਰੂ ਕੀਤੀ।
ਪਹਿਲੀ ਕਿਸ਼ਤ ਵਜੋਂ 50 ਹਜ਼ਾਰ ਰੁਪਏ ਮੰਗੇ
ਵਿਜੀਲੈਂਸ ਅਧਿਕਾਰੀਆਂ ਅਨੁਸਾਰ, ਅਮਿਤ ਸੋਲੰਕੀ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 50 ਹਜ਼ਾਰ ਰੁਪਏ ਲੈਣ ਲਈ ਸ਼ਿਕਾਇਤਕਰਤਾ ਨੂੰ ਸੈਕਟਰ-29 ਵਿਖੇ ਮੰਦਰ ਦੇ ਪਿੱਛੇ ਬੁਲਾਇਆ। ਯੋਜਨਾ ਮੁਤਾਬਕ ਵਿਜੀਲੈਂਸ ਟੀਮ ਨੇ ਟਰੈਪ ਲਗਾ ਰੱਖਿਆ ਸੀ।
ਕਾਰ ਨਾਲ ਭੱਜਣ ਦੀ ਨਾਕਾਮ ਕੋਸ਼ਿਸ਼
ਜਦੋਂ ਆਸ਼ੂਤੋਸ਼ ਨੇ 50 ਹਜ਼ਾਰ ਰੁਪਏ ਸੋਲੰਕੀ ਦੀ ਕਾਰ ਵਿੱਚ ਰੱਖੇ, ਤਾਂ ਵਿਜੀਲੈਂਸ ਟੀਮ ਨੇ ਕਾਰਵਾਈ ਸ਼ੁਰੂ ਕੀਤੀ। ਟੀਮ ਨੂੰ ਵੇਖ ਕੇ ਅਮਿਤ ਸੋਲੰਕੀ ਕਾਰ ਨੂੰ ਸਰਕਾਰੀ ਕਵਾਰਟਰ ਵੱਲ ਭਜਾਉਣ ਲੱਗ ਪਿਆ। ਟੀਮ ਨੇ ਪਿੱਛਾ ਕਰਦੇ ਹੋਏ ਆਪਣੀ ਕਾਰ ਮੁਲਜ਼ਮ ਦੀ ਕਾਰ ਦੇ ਸਾਹਮਣੇ ਲਾ ਕੇ ਰੋਕੀ।
ਵਿਜੀਲੈਂਸ ਦੀ ਕਾਰ ਨੂੰ ਮਾਰੀ ਟੱਕਰ
ਭੱਜਣ ਦੀ ਕੋਸ਼ਿਸ਼ ਦੌਰਾਨ ਮੁਲਜ਼ਮ ਨੇ ਵਿਜੀਲੈਂਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਘੇਰਾਬੰਦੀ ਤੋਂ ਬਾਅਦ ਵੀ ਉਸ ਨੇ ਗੱਡੀ ਦੇ ਸ਼ੀਸ਼ੇ ਤੇ ਦਰਵਾਜ਼ੇ ਨਹੀਂ ਖੋਲ੍ਹੇ। ਕਾਫ਼ੀ ਜਤਨਾਂ ਤੋਂ ਬਾਅਦ ਟੀਮ ਨੇ ਗੱਡੀ ਦਾ ਕਾਬੂ ਹਾਸਲ ਕਰਕੇ ਅਮਿਤ ਸੋਲੰਕੀ ਨੂੰ ਗ੍ਰਿਫ਼ਤਾਰ ਕਰ ਲਿਆ।
ਘਰ ਵਿੱਚ ਤਲਾਸ਼ੀ ਜਾਰੀ
ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਟੀਮ ਮੁਲਜ਼ਮ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ, ਤਾਂ ਜੋ ਹੋਰ ਸਬੂਤ ਇਕੱਠੇ ਕੀਤੇ ਜਾ ਸਕਣ।