ਚੰਡੀਗੜ੍ਹ :- ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਮੋੜ ਉਸ ਸਮੇਂ ਆਇਆ, ਜਦੋਂ ਡਾ. ਸੁਖਵਿੰਦਰ ਕੁਮਾਰ ਸੁੱਖਈ ਨੇ ਆਪਣੇ ਕੈਬਨਿਟ ਰੈਂਕ ਤੋਂ ਅਸਤੀਫਾ ਦੇ ਦਿੱਤਾ। ਇਸ ਅਚਾਨਕ ਫੈਸਲੇ ਨਾਲ ਸਰਕਾਰ ਦੇ ਅੰਦਰੂਨੀ ਮਾਹੌਲ ਅਤੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ।
ਮਾਘੀ ਮੇਲੇ ਵਾਲਾ ਬਿਆਨ ਬਣਿਆ ਕਾਰਨ
ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਘੀ ਮੇਲੇ ਦੌਰਾਨ ਬੰਗਾ ਹਲਕੇ ਦੇ ਇੱਕ ਡੇਰੇ ਨਾਲ ਸਬੰਧਤ 169 ਚੋਰੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਦਿੱਤਾ ਗਿਆ ਬਿਆਨ ਲਗਾਤਾਰ ਵਿਵਾਦਾਂ ਵਿੱਚ ਘਿਰਦਾ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਧਾਰਮਿਕ ਤੇ ਸਿਆਸੀ ਵਰਗਾਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।
ਗੁਰੂ ਘਰ ਪਹੁੰਚ ਕੇ ਕੀਤਾ ਅਹਿਮ ਐਲਾਨ
ਇਸ ਪਿਛੋਕੜ ਨੂੰ ਦੇਖਦੇ ਹੋਏ ਡਾ. ਸੁਖਵਿੰਦਰ ਕੁਮਾਰ ਸੁੱਖਈ ਨੇ ਮਜਾਰਾ ਰਾਜਾ ਸਾਹਿਬ ਸਥਿਤ ਗੁਰੂ ਘਰ ਦੇ ਰਸੋਖਾਨਾ ਵਿਖੇ ਪਹੁੰਚ ਕੇ ਆਪਣੇ ਕੈਬਨਿਟ ਰੈਂਕ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।
ਲਾਈਵ ਆ ਕੇ ਕੀਤੀ ਪੁਸ਼ਟੀ
ਡਾ. ਸੁੱਖਈ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਾਈਵ ਹੋ ਕੇ ਖੁਦ ਇਸ ਅਸਤੀਫੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਧਾਰਮਿਕ ਭਾਵਨਾਵਾਂ ਨਾਲ ਜੁੜੇ ਮਾਮਲੇ ਨੂੰ ਦੇਖਦੇ ਹੋਏ ਉਹ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਹ ਕਦਮ ਚੁੱਕ ਰਹੇ ਹਨ।
ਸਿਆਸਤ ਵਿੱਚ ਨਵੀਂ ਚਰਚਾ ਸ਼ੁਰੂ
ਇਸ ਅਸਤੀਫੇ ਤੋਂ ਬਾਅਦ ਪੰਜਾਬ ਕੈਬਨਿਟ ਵਿੱਚ ਹੋ ਸਕਦੇ ਫੇਰਬਦਲਾਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਸੂਬਾਈ ਸਿਆਸਤ ਨੂੰ ਹੋਰ ਗਰਮ ਕਰ ਸਕਦਾ ਹੈ।

