ਜਲੰਧਰ :- ਜਲੰਧਰ ਦਿਹਾਤੀ ਖੇਤਰ ਵਿੱਚ ਇੱਕ ਛੋਟੇ ਜਿਹੇ ਪੈਸੇ ਦੇ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਮਜ਼ਦੂਰ ਮਨੋਜ ਕੁਮਾਰ ਨੇ ਸਰ੍ਹੋਂ ਦੀ ਕਟਾਈ ਲਈ ਕੀਤੇ ਕੰਮ ਦੀ ਅੱਧੀ ਦਿਹਾੜੀ ਵਜੋਂ 600 ਰੁਪਏ ਮੰਗੇ ਸਨ, ਜਿਸ ਨੂੰ ਲੈ ਕੇ ਉਸ ਦਾ ਜੱਸਾ ਨਾਮਕ ਵਿਅਕਤੀ ਨਾਲ ਝਗੜਾ ਹੋ ਗਿਆ। ਦੋਵਾਂ ਵਿਚਕਾਰ ਪਹਿਲਾਂ ਸੜਕ ‘ਤੇ ਤਕਰਾਰ ਹੋਈ, ਜਿਸ ਨੇ ਬਾਅਦ ਵਿੱਚ ਗੰਭੀਰ ਰੂਪ ਧਾਰ ਲਿਆ।
ਵਰਕਸ਼ਾਪ ‘ਤੇ ਹੋਈ ਤਕਰਾਰ ਦੌਰਾਨ ਚੱਲੀਆਂ ਗੋਲੀਆਂ
ਜਾਣਕਾਰੀ ਅਨੁਸਾਰ, ਜੱਸਾ ਬਾਅਦ ਵਿੱਚ ਇੱਕ ਵਰਕਸ਼ਾਪ ‘ਤੇ ਪਹੁੰਚ ਗਿਆ ਸੀ। ਕੁਝ ਸਮੇਂ ਬਾਅਦ ਮਨੋਜ ਕੁਮਾਰ ਵੀ ਆਪਣੇ ਬਕਾਇਆ ਪੈਸੇ ਲੈਣ ਲਈ ਉੱਥੇ ਆ ਗਿਆ। ਦੋਵਾਂ ਵਿਚਕਾਰ ਮੁੜ ਤਕਰਾਰ ਹੋ ਗਈ ਅਤੇ ਗੱਲ ਇਤਨੀ ਵਧ ਗਈ ਕਿ ਦੋਸ਼ੀ ਨੇ ਆਪਣੀ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਮਜ਼ਦੂਰ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਮਨੋਜ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋਸ਼ੀ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੀਤਾ ਕਾਬੂ
ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ। ਡੀਐਸਪੀ ਵਿਨੀਤ ਅਹਿਲਾਵਤ ਅਤੇ ਡੀਐਸਪੀ ਫਿਲੌਰ ਭਾਰਤ ਮਸੀਹ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਗੁਰਾਇਆ ਥਾਣੇ ਦੀ ਟੀਮ ਨੇ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ।
ਹਥਿਆਰ ਅਤੇ ਕਾਰਤੂਸ ਵੀ ਕੀਤੇ ਬਰਾਮਦ
ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਦੋਸ਼ੀ ਕੋਲੋਂ ਇੱਕ ਲਾਇਸੈਂਸੀ 32 ਬੋਰ ਰਿਵਾਲਵਰ, ਤਿੰਨ ਖਾਲੀ ਕਾਰਤੂਸ ਅਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਹਥਿਆਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੇ ਸਾਰੇ ਪੱਖਾਂ ਨੂੰ ਸਪੱਸ਼ਟ ਕੀਤਾ ਜਾ ਸਕੇ।
ਮਾਮਲਾ ਦਰਜ, ਹੋਰ ਜਾਂਚ ਜਾਰੀ
ਇਸ ਘਟਨਾ ਸਬੰਧੀ ਪੁਲਿਸ ਸਟੇਸ਼ਨ ਗੁਰਾਇਆ ਵਿੱਚ ਭਾਰਤੀ ਦੰਡ ਸੰਹਿਤਾ ਦੀ ਧਾਰਾ 103 ਅਤੇ ਆਰਮਜ਼ ਐਕਟ ਦੀ ਧਾਰਾ 27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੋਸ਼ੀ ਜੱਸਾ ਇੱਕ ਕਿਸਾਨ ਹੋਣ ਦੇ ਨਾਲ ਬਸਪਾ ਨਾਲ ਸੰਬੰਧਿਤ ਆਗੂ ਅਤੇ ਨੰਬਰਦਾਰ ਵੀ ਦੱਸਿਆ ਜਾਂਦਾ ਹੈ ਅਤੇ ਉਸ ਨੇ ਇਸ ਸਾਲ ਬਲਾਕ ਸੰਮਤੀ ਦੀ ਚੋਣ ਵੀ ਲੜੀ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

