ਜਲੰਧਰ :- ਜਲੰਧਰ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਰੈੱਡ ਕਰਾਸ ਮਾਰਕੀਟ ਨੇੜੇ ਸਥਿਤ ਰੰਗਲਾ ਵਿਹੜਾ ਕੰਪਲੈਕਸ ਨੂੰ ਸੀਲ ਕਰ ਦਿੱਤਾ ਹੈ। ਤਹਿਬਾਜ਼ਾਰੀ ਵਿਭਾਗ ਦੇ ਸੁਪਰਿੰਟੈਂਡੈਂਟ ਮਨਦੀਪ ਸਿੰਘ ਮਿੱਠੂ ਨੇ ਦੱਸਿਆ ਕਿ ਪ੍ਰਾਜੈਕਟ ਦਾ ਠੇਕਾ ਕਾਫ਼ੀ ਸਮਾਂ ਪਹਿਲਾਂ ਮੁੱਕ ਚੁੱਕਾ ਸੀ, ਪਰ ਵਾਰ-ਵਾਰ ਨੋਟਿਸ ਦੇਣ ਬਾਵਜੂਦ ਸਾਈਟ ਖਾਲੀ ਨਹੀਂ ਕੀਤੀ ਗਈ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਰੰਗਲਾ ਵਿਹੜਾ ਪ੍ਰਾਜੈਕਟ ਦੀ ਸ਼ੁਰੂਆਤ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਕਾਰਜਕਾਲ ਦੌਰਾਨ ਬੀ.ਓ.ਟੀ. ਮਾਡਲ ‘ਤੇ ਹੋਈ ਸੀ। ਸ਼ੁਰੂ ਵਿੱਚ ਇਸ ਨੂੰ ਜਲੰਧਰ ਦੀ ਇਕ ਨਿੱਜੀ ਫਰਮ ਨੂੰ ਸੌਂਪਿਆ ਗਿਆ ਸੀ, ਪਰ ਕਰਾਰ ਸਮਾਪਤ ਹੋਣ ਤੋਂ ਬਾਅਦ ਇਹ ਨਿਗਮ ਦੇ ਕੰਟਰੋਲ ਵਿੱਚ ਆ ਗਿਆ। 2020 ਵਿੱਚ ਕਾਂਗਰਸ ਸਰਕਾਰ ਦੇ ਸਮੇਂ ਇਸ ਨੂੰ ਚੁੱਪਚਾਪ ਇਕ ਕੰਪਨੀ ਨੂੰ ਅਲਾਟ ਕੀਤਾ ਗਿਆ ਸੀ, ਜਿਸ ‘ਤੇ ਕੌਂਸਲਰ ਹਾਊਸ ਵਿੱਚ ਵੀ ਸਵਾਲ ਉਠੇ ਪਰ ਮਾਮਲਾ ਟਾਲ ਦਿੱਤਾ ਗਿਆ। ਬਾਅਦ ਵਿਚ 2022 ਵਿੱਚ ਇਹ ਪ੍ਰਾਜੈਕਟ ਅੰਮ੍ਰਿਤਸਰ ਦੀ ਇੱਕ ਕੰਪਨੀ ਨੂੰ ਸੌਂਪਿਆ ਗਿਆ।
ਕਰਾਰ ਮੁੱਕਣ ਤੋਂ ਬਾਅਦ ਵੀ ਕਬਜ਼ਾ
ਫਰਵਰੀ 2024 ਵਿੱਚ ਕਰਾਰ ਮੁੱਕਣ ਦੇ ਬਾਵਜੂਦ ਨਿਗਮ ਦੀ ਲਾਪਰਵਾਹੀ ਕਾਰਨ ਕੁਝ ਲੋਕਾਂ ਨੇ ਮਹੀਨਿਆਂ ਤਕ ਸਾਈਟ ‘ਤੇ ਕਬਜ਼ਾ ਬਣਾਈ ਰੱਖਿਆ ਅਤੇ ਇੱਥੇ ਵੱਡਾ ਸ਼ੋਰੂਮ ਵੀ ਤਿਆਰ ਕਰ ਦਿੱਤਾ। ਜਾਣਕਾਰੀ ਅਨੁਸਾਰ, ਕਰਾਰ ਖਤਮ ਹੋਣ ਤੋਂ ਬਾਅਦ ਕੰਪਲੈਕਸ ਅਜਿਹੇ ਲੋਕਾਂ ਨੂੰ ਅਲਾਟ ਕੀਤਾ ਗਿਆ ਜੋ ਇਸ ਦੇ ਹੱਕਦਾਰ ਨਹੀਂ ਸਨ। ਸ਼ਿਕਾਇਤ ਚੰਡੀਗੜ੍ਹ ਤਕ ਪਹੁੰਚਣ ਤੋਂ ਬਾਅਦ ਹੀ ਨਿਗਮ ਵੱਲੋਂ ਸੀਲਿੰਗ ਦੀ ਕਾਰਵਾਈ ਕੀਤੀ ਗਈ। ਹਾਲ ਹੀ ਵਿੱਚ ਪਾਰਕਿੰਗ ਸਾਈਟਾਂ ਦੀ ਈ-ਨਿਲਾਮੀ ਦੌਰਾਨ ਰੰਗਲਾ ਵਿਹੜਾ ਸਾਈਟ ਸਭ ਤੋਂ ਮਹਿੰਗੀ ਕੀਮਤ ‘ਤੇ ਗਈ ਸੀ। 3 ਸਾਲਾਂ ਦੇ ਕਰਾਰ ਤਹਿਤ ਨਿਗਮ ਨੂੰ ਲਗਭਗ 2 ਕਰੋੜ ਰੁਪਏ ਦੀ ਆਮਦਨ ਹੋਣੀ ਸੀ, ਪਰ ਇਹ ਬੋਲੀ ਪ੍ਰਕਿਰਿਆ ਵੀ ਸਿਰੇ ਨਹੀਂ ਚੜ੍ਹ ਸਕੀ। ਹੁਣ ਸ਼ਹਿਰ ਵਿੱਚ ਚਰਚਾ ਹੈ ਕਿ ਕਈ ਸਾਲਾਂ ਤੋਂ ਪ੍ਰਾਜੈਕਟ ਦੀ ਮੈਨੇਜਮੈਂਟ ਵਿੱਚ ਹੋ ਰਹੀਆਂ ਗੜਬੜੀਆਂ ਦੀ ਜ਼ਿੰਮੇਵਾਰੀ ਕੌਣ ਲਵੇਗਾ।