ਚੰਡੀਗੜ੍ਹ :- ਧੂਰੀ ਪੁਲਿਸ ਨੇ ਭਸੌਰ ਪਿੰਡ ਵਿੱਚ ਬੰਦ ਪੋਲਟਰੀ ਫਾਰਮ ਤੋਂ ਗੈਰਕਾਨੂੰਨੀ ਤਰੀਕੇ ਨਾਲ ਛੋਟੇ ਪਟਾਖੇ ਬਣਾਉਣ ਵਾਲਾ ਧੰਦਾ ਬੇਨਕਾਬ ਕੀਤਾ ਹੈ। ਇਸ ਸਬੰਧ ਵਿੱਚ ਫਿਆਜ਼ ਖ਼ਾਨ, ਨਿਵਾਸੀ ਪੋਖਰਾ ਮੁਹੱਲਾ ਹਾਜੀਪੁਰ (ਬਿਹਾਰ), ਜੋ ਇਸ ਸਮੇਂ ਭਸੌਰ ਵਿੱਚ ਰਹਿੰਦਾ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਕੋਲੋਂ ਵੱਡੀ ਮਾਤਰਾ ਵਿੱਚ ਪਟਾਖੇ ਅਤੇ ਪੋਟਾਸ਼ੀਅਮ (ਗਨਪਾਊਡਰ) ਬਰਾਮਦ ਕੀਤਾ। ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮਾਮਲੇ ਵਿੱਚ ਸੰਬੰਧਤ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸਮੱਗਰੀ ਦੇ ਸਰੋਤ ਅਤੇ ਹੋਰ ਸ਼ਾਮਲ ਵਿਅਕਤੀਆਂ ਦਾ ਪਤਾ ਲੱਗ ਸਕੇ।
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਕਾਰਵਾਈਆਂ ਜਾਰੀ
ਡੀ.ਐਸ.ਪੀ. ਧੂਰੀ ਦਮਨਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ 1 ਮਾਰਚ 2025 ਤੋਂ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੌਰਾਨ ਪੁਲਿਸ ਨੇ ਸੈਮੀਨਾਰ, ਮਾਰਚ ਅਤੇ ਕਾਰਵਾਈਆਂ ਕੀਤੀਆਂ ਹਨ। ਇਸ ਅਰਸੇ ਦੌਰਾਨ ਚਾਰ ਕੇਸ ਦਰਜ ਕੀਤੇ ਗਏ, ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੀਰੋਇਨ, ਨਸ਼ੀਲੀ ਗੋਲੀਆਂ ਤੇ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਇਨ੍ਹਾਂ ਦਿਨਾਂ ਦੌਰਾਨ ਇਕ ਲੁੱਟੇਰੇ ਗਿਰੋਹ ਨੂੰ ਵੀ ਕਾਬੂ ਕੀਤਾ ਗਿਆ।
ਧੂਰੀ ਖੇਤਰ ਵਿੱਚ ਨਾਕੇ ਲਗਾ ਕੇ ਨਿਗਰਾਨੀ ਵਧਾਈ ਗਈ ਹੈ ਅਤੇ ਨਸ਼ੇ ਨਾਲ ਜੂਝ ਰਹੇ ਵਿਅਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਇਲਾਜ ਪ੍ਰਦਾਨ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਸਖ਼ਤ ਚੌਕਸੀ ਰਾਹੀਂ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ।