ਫਤਿਹਗੜ੍ਹ ਸਾਹਿਬ :- ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਰਹਾਇਸ਼ ਸਹੂਲਤ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦੀਵਾਨ ਟੋਡਰ ਮੱਲ ਜੀ ਨਿਵਾਸ ਸਰਾਂ ਦੇ ਨਿਰਮਾਣ ਦਾ ਨੀਹ ਪੱਥਰ ਰੱਖਿਆ ਗਿਆ।
ਅਰਦਾਸ ਰਾਹੀਂ ਹੋਈ ਨਿਰਮਾਣ ਕਾਰਜ ਦੀ ਆਰੰਭਤਾ
ਇਸ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਮਾਤਾ ਗੁਜਰੀ ਜੀ ਨਿਵਾਸ ਸਰਾਂ ਦੇ ਨਿਰਮਾਣ ਕਾਰਜ ਦੀ ਆਰੰਭਤਾ ਲਈ ਵਿਸ਼ੇਸ਼ ਅਰਦਾਸ ਕੀਤੀ ਗਈ, ਜਿਸ ਉਪਰੰਤ ਧਾਰਮਿਕ ਮਰਿਆਦਾ ਅਨੁਸਾਰ ਨੀਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ ਗਈ।
186 ਨਵੇਂ ਕਮਰੇ ਸੰਗਤਾਂ ਲਈ ਹੋਣਗੇ ਉਪਲਬਧ
ਇਸ ਸਮਾਗਮ ਦੌਰਾਨ ਬੋਲਦਿਆਂ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਨਿਵਾਸ ਸਰਾਂ ਦੇ ਨਿਰਮਾਣ ਨਾਲ ਕੁੱਲ 186 ਨਵੇਂ ਕਮਰੇ ਤਿਆਰ ਕੀਤੇ ਜਾਣਗੇ, ਜੋ ਵਿਸ਼ੇਸ਼ ਤੌਰ ‘ਤੇ ਸ਼ਹੀਦੀ ਜੋੜ ਮੇਲ ਸਮੇਤ ਵੱਡੇ ਧਾਰਮਿਕ ਸਮਾਗਮਾਂ ਦੌਰਾਨ ਆਉਣ ਵਾਲੀਆਂ ਲੱਖਾਂ ਸੰਗਤਾਂ ਲਈ ਬੇਹੱਦ ਲਾਭਕਾਰੀ ਸਾਬਤ ਹੋਣਗੇ।
ਉਨ੍ਹਾਂ ਕਿਹਾ ਕਿ ਹਰ ਸਾਲ ਸ਼ਹੀਦਾਂ ਦੀ ਯਾਦ ਵਿੱਚ ਲੱਗਣ ਵਾਲੇ ਜੋੜ ਮੇਲ ਸਮੇਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਪਹੁੰਚਦੀ ਹੈ, ਜਿਸ ਕਰਕੇ ਰਹਾਇਸ਼ ਦੀ ਮੰਗ ਲਗਾਤਾਰ ਵੱਧ ਰਹੀ ਹੈ।
ਭਵਿੱਖ ਵਿੱਚ ਵੀ ਸੰਗਤ ਕੇਂਦਰਿਤ ਪ੍ਰੋਜੈਕਟ ਜਾਰੀ ਰਹਿਣਗੇ
SGPC ਪ੍ਰਧਾਨ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਅੱਗੇ ਵੀ ਅਜਿਹੇ ਵਿਕਾਸ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ ਤਾਂ ਜੋ ਸ਼ਹੀਦਾਂ ਦੀ ਧਰਤੀ ‘ਤੇ ਆਉਣ ਵਾਲੀ ਹਰ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਕਾਰ ਸੇਵਾ ਰਾਹੀਂ ਜਲਦ ਮੁਕੰਮਲ ਕਰਨ ਦਾ ਭਰੋਸਾ
ਇਸ ਮੌਕੇ ਦਿੱਲੀ ਵਾਲੇ ਬਾਬਾ ਗੁਲਜਾਰ ਸਿੰਘ ਇਕ ਕਾਰ ਸੇਵਾ ਵਾਲਿਆਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਦੀਵਾਨ ਟੋਡਰ ਮੱਲ ਨਿਵਾਸ ਸਰਾਂ ਦਾ ਨਿਰਮਾਣ ਕੰਮ ਤੇਜ਼ੀ ਨਾਲ ਕਰਵਾਇਆ ਜਾਵੇਗਾ ਅਤੇ ਇਸ ਨੂੰ ਜਲਦੀ ਤੋਂ ਜਲਦੀ ਤਿਆਰ ਕਰਕੇ ਸੰਗਤ ਦੀ ਸੇਵਾ ਲਈ ਸਮਰਪਿਤ ਕੀਤਾ ਜਾਵੇਗਾ।

