ਫਿਲੀਪੀਨਜ਼ :- ਫਿਲੀਪੀਨਜ਼ ਵਿੱਚ ਕੁਦਰਤ ਨੇ ਤਬਾਹੀ ਦਾ ਤੂਫ਼ਾਨ ਬਣਕੇ ਕਹਿਰ ਢਾਹਿਆ ਹੈ। ਤੂਫ਼ਾਨ ਕਲਮੇਗੀ ਨੇ ਦੇਸ਼ ਵਿੱਚ ਹੁਣ ਤੱਕ 241 ਲੋਕਾਂ ਦੀ ਜਾਨ ਲੈ ਲਈ ਹੈ, ਜਦਕਿ 127 ਲੋਕ ਅਜੇ ਵੀ ਲਾਪਤਾ ਹਨ। ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਵੀਰਵਾਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਸਾਲ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ
ਇਹ ਤੂਫ਼ਾਨ ਇਸ ਸਾਲ ਫਿਲੀਪੀਨਜ਼ ਨੂੰ ਆਇਆ ਸਭ ਤੋਂ ਵਿਨਾਸ਼ਕਾਰੀ ਚੱਕਰਵਾਤ ਸਾਬਤ ਹੋਇਆ ਹੈ। ਜ਼ਿਆਦਾਤਰ ਮੌਤਾਂ ਅਚਾਨਕ ਆਏ ਹੜ੍ਹਾਂ ਅਤੇ ਭੂਸਖਲਨ ਕਾਰਨ ਹੋਈਆਂ। ਕੇਂਦਰੀ ਸੂਬਾ ਸੇਬੂ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਰਿਹਾ, ਜਿੱਥੇ ਘਰਾਂ, ਸਕੂਲਾਂ ਅਤੇ ਸੜਕਾਂ ਦਾ ਵੱਡਾ ਨੁਕਸਾਨ ਹੋਇਆ ਹੈ।
20 ਲੱਖ ਲੋਕ ਪ੍ਰਭਾਵਿਤ, ਲੱਖਾਂ ਬੇਘਰ
ਅਧਿਕਾਰੀਆਂ ਦੇ ਮੁਤਾਬਕ, ਤੂਫ਼ਾਨ ਨਾਲ ਲਗਭਗ 20 ਲੱਖ ਲੋਕ ਪ੍ਰਭਾਵਿਤ ਹੋਏ ਹਨ, ਜਦਕਿ 5.6 ਲੱਖ ਤੋਂ ਵੱਧ ਪਿੰਡ ਵਾਸੀ ਬੇਘਰ ਹੋ ਗਏ ਹਨ। ਲਗਭਗ 4.5 ਲੱਖ ਲੋਕਾਂ ਨੇ ਐਮਰਜੈਂਸੀ ਸ਼ੈਲਟਰਾਂ ਵਿੱਚ ਸ਼ਰਨ ਲਈ ਹੈ। ਹਜ਼ਾਰਾਂ ਪਰਿਵਾਰਾਂ ਦੇ ਘਰ ਢਹਿ ਗਏ ਹਨ ਤੇ ਕਈ ਇਲਾਕਿਆਂ ‘ਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਪਈ ਹੈ।
ਤੂਫ਼ਾਨ ਹੁਣ ਚੀਨ ਸਮੁੰਦਰ ਵੱਲ ਰੁਖ ਕਰ ਚੁੱਕਿਆ
ਬੁੱਧਵਾਰ ਨੂੰ ਟਾਪੂ ਸਮੂਹਾਂ ‘ਚੋਂ ਲੰਘਣ ਤੋਂ ਬਾਅਦ ਚੱਕਰਵਾਤ ਦੱਖਣੀ ਚੀਨ ਸਾਗਰ ਵੱਲ ਵੱਧ ਗਿਆ ਹੈ, ਪਰ ਇਸਦੇ ਬਾਅਦ ਵੀ ਫਿਲੀਪੀਨਜ਼ ਵਿੱਚ ਬਰਸਾਤ ਅਤੇ ਹੜ੍ਹਾਂ ਦਾ ਖਤਰਾ ਜਾਰੀ ਹੈ।
ਰਾਸ਼ਟਰਪਤੀ ਵੱਲੋਂ ਐਮਰਜੈਂਸੀ ਰਾਹਤ ਦੇ ਹੁਕਮ
ਰਾਸ਼ਟਰਪਤੀ ਮਾਰਕੋਸ ਨੇ ਆਫ਼ਤ ਪ੍ਰਤੀਕਿਰਿਆ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਐਮਰਜੈਂਸੀ ਘੋਸ਼ਿਤ ਕਰਨ ਨਾਲ ਰਾਹਤ ਫੰਡਾਂ ਦੀ ਰਿਹਾਈ ਤੇਜ਼ ਹੋਵੇਗੀ, ਤੇ ਸਰਕਾਰ ਭੋਜਨ ਜਮ੍ਹਾਂ ਕਰਨ ਅਤੇ ਮੁਨਾਫ਼ਾਖੋਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇਗੀ।
ਸਰਕਾਰ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ
ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕਿਆਂ ਦੇ ਨਿਵਾਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜਦ ਤੱਕ ਮੌਸਮ ਸਥਿਰ ਨਹੀਂ ਹੋ ਜਾਂਦਾ, ਉਹ ਸਮੁੰਦਰੀ ਕੰਢਿਆਂ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ।

