ਚੰਡੀਗੜ੍ਹ :- ਪੰਜਾਬ ਵਿੱਚ ਛਾਈ ਸੰਘਣੀ ਧੁੰਦ ਇੱਕ ਵਾਰ ਫਿਰ ਜਾਨਲੇਵਾ ਸਾਬਤ ਹੋਈ। ਜਲੰਧਰ–ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਮਰੀਜ਼ ਨੂੰ ਇਲਾਜ ਲਈ ਲੈ ਕੇ ਜਾ ਰਹੀ ਐਂਬੂਲੈਂਸ ਅਚਾਨਕ ਹਾਈਵੇਅ ‘ਤੇ ਖੜ੍ਹੀ ਇੱਕ ਟਰਾਲੀ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਐਂਬੂਲੈਂਸ ਦੇ ਅੱਗੇਲੇ ਹਿੱਸੇ ਦੇ ਪਰਖੱਚੇ ਉੱਡ ਗਏ।
ਮਰੀਜ਼ ਨੂੰ ਦੂਜੀ ਐਂਬੂਲੈਂਸ ਰਾਹੀਂ ਭੇਜਿਆ ਹਸਪਤਾਲ
ਹਾਦਸੇ ਸਮੇਂ ਐਂਬੂਲੈਂਸ ‘ਚ ਇੱਕ ਮਰੀਜ਼ ਸਵਾਰ ਸੀ, ਜਿਸਨੂੰ ਤੁਰੰਤ ਮੈਡੀਕਲ ਸਹਾਇਤਾ ਦੀ ਲੋੜ ਸੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਦੂਜੀ ਐਂਬੂਲੈਂਸ ਬੁਲਾਈ ਗਈ ਅਤੇ ਮਰੀਜ਼ ਨੂੰ ਬਿਨਾਂ ਦੇਰੀ ਕੀਤੇ ਹਸਪਤਾਲ ਪਹੁੰਚਾਇਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।
ਧੁੰਦ ਕਾਰਨ ਘੱਟ ਰਹੀ ਵਿਜ਼ੀਬਿਲਟੀ
ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ ‘ਤੇ ਪਹੁੰਚੀ। ਰਾਹਗੀਰਾਂ ਦੀ ਮਦਦ ਨਾਲ ਹਾਦਸਾਗ੍ਰਸਤ ਐਂਬੂਲੈਂਸ ਨੂੰ ਸੜਕ ਤੋਂ ਇਕ ਪਾਸੇ ਕੀਤਾ ਗਿਆ ਤਾਂ ਜੋ ਟ੍ਰੈਫਿਕ ਬਹਾਲ ਹੋ ਸਕੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਬਹੁਤ ਘੱਟ ਸੀ, ਜਿਸ ਨੇ ਹਾਦਸੇ ਨੂੰ ਜਨਮ ਦਿੱਤਾ।
ਪੰਜਾਬ ਭਰ ‘ਚ ਵਧ ਰਹੇ ਸੜਕ ਹਾਦਸੇ
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਧੁੰਦ ਨੇ ਆਮ ਜੀਵਨ ਅਸਤ-ਵਿਆਸਤ ਕਰ ਦਿੱਤਾ ਹੈ। ਸੜਕਾਂ ‘ਤੇ ਵਾਹਨ ਰੇਂਗਦੇ ਨਜ਼ਰ ਆ ਰਹੇ ਹਨ ਅਤੇ ਹਾਦਸਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲ ਹੀ ‘ਚ ਜਲੰਧਰ–ਜੰਮੂ ਨੈਸ਼ਨਲ ਹਾਈਵੇਅ ‘ਤੇ ਵੀ ਧੁੰਦ ਕਾਰਨ ਪੰਜ ਵਾਹਨ ਆਪਸ ਵਿੱਚ ਟਕਰਾ ਗਏ ਸਨ।

