ਅੰਮ੍ਰਿਤਸਰ :- ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਆਏ ਹੜ੍ਹ ਨੂੰ ਤੁਰੰਤ ਰਾਸ਼ਟਰੀ ਆਫ਼ਤ ਦਾ ਦਰਜਾ ਦਿੱਤਾ ਜਾਵੇ ਅਤੇ ਪ੍ਰਭਾਵਿਤ ਲੋਕਾਂ ਲਈ ਫੌਰੀ ਰਾਹਤ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬਕਾਇਆ ਮੁਆਵਜ਼ਾ ਤੁਰੰਤ ਜਾਰੀ ਕਰਨਾ ਚਾਹੀਦਾ ਹੈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਆਫ਼ਤਾਂ ਤੋਂ ਬਚਾਅ ਲਈ ਪੱਕੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਪੰਜਾਬ ਦੇ ਯੋਗਦਾਨ ਦੇ ਬਾਵਜੂਦ ਅਣਗੌਲ
ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰ ਵਿੱਚ ਦਰਸਾਇਆ ਕਿ ਪੰਜਾਬ ਨੇ ਆਜ਼ਾਦੀ ਲਹਿਰ ਤੋਂ ਲੈ ਕੇ ਦੇਸ਼ ਦੀ ਖੁਰਾਕੀ ਸੁਰੱਖਿਆ ਤੱਕ ਹਮੇਸ਼ਾ ਆਪਣਾ ਫਰਜ਼ ਨਿਭਾਇਆ ਹੈ। ਫਿਰ ਵੀ, ਅੱਜ ਇਹ ਸੂਬਾ ਅਣਗੌਲ ਅਤੇ ਭੇਦਭਾਵ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਲਗਭਗ 3.5 ਲੱਖ ਲੋਕ ਬੇਘਰ ਹੋ ਚੁੱਕੇ ਹਨ, ਹਜ਼ਾਰਾਂ ਪਸ਼ੂ ਮਰ ਗਏ ਹਨ ਅਤੇ ਕਰੀਬ 1,500 ਪਿੰਡ ਪਾਣੀ ਹੇਠ ਹਨ। ਖੇਤ, ਘਰ ਅਤੇ ਬੁਨਿਆਦੀ ਢਾਂਚਾ ਤਬਾਹ ਹੋ ਗਿਆ ਹੈ। ਇਸ ਲਈ ਤੁਰੰਤ ਵਿੱਤੀ ਸਹਾਇਤਾ ਅਤੇ ਖੇਤੀਬਾੜੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
11 ਮੰਗਾਂ ਵਾਲਾ ਪੈਕੇਜ ਅਤੇ ਕੇਂਦਰ ‘ਤੇ ਵਾਅਦੇ ਤੋੜਨ ਦੇ ਦੋਸ਼
ਅਕਾਲੀ ਦਲ ਪ੍ਰਧਾਨ ਨੇ 11 ਨੁਕਤਿਆਂ ਵਾਲਾ ਪੈਕੇਜ ਪੇਸ਼ ਕਰਦੇ ਹੋਏ ਪ੍ਰਭਾਵਿਤ ਪਰਿਵਾਰਾਂ ਲਈ ਖੁਰਾਕ, ਦਵਾਈਆਂ ਅਤੇ ਰਹਿਣ-ਸਹਿਣ ਦੀ ਵਿਵਸਥਾ, ਤਬਾਹ ਹੋਏ ਖੇਤਾਂ ਅਤੇ ਮਸ਼ੀਨਰੀ ਦਾ ਪੂਰਾ ਮੁਆਵਜ਼ਾ, ਕਰਜ਼ ਮਾਫ਼ੀ, ਸੜਕਾਂ–ਪੁਲਾਂ–ਅਨਾਜ ਮੰਡੀਆਂ ਦੀ ਮੁੜ ਸਥਾਪਨਾ ਅਤੇ NDRF ਤੇ ਫੌਜ ਦੀ ਤੈਨਾਤੀ ਦੀ ਮੰਗ ਕੀਤੀ।
ਉਨ੍ਹਾਂ ਕੇਂਦਰ ਸਰਕਾਰ ਉੱਤੇ ਪਿਛਲੇ ਸਾਲ ਕੀਤੇ ਮੁਆਵਜ਼ੇ ਦੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਵੀ ਲਗਾਏ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਤੇ ਪੰਜਾਬ ਦਾ ਤੁਰੰਤ ਕਾਬੂ ਦਿੱਤਾ ਜਾਣ ਦੀ ਮੰਗ ਕੀਤੀ। ਪੱਤਰ ਦੇ ਅੰਤ ਵਿੱਚ ਉਨ੍ਹਾਂ ਕਿਹਾ ਕਿ “ਪੰਜਾਬ ਹਮੇਸ਼ਾ ਦੇਸ਼ ਨਾਲ ਖੜ੍ਹਾ ਰਿਹਾ ਹੈ, ਹੁਣ ਸਮਾਂ ਹੈ ਕਿ ਕੇਂਦਰ ਸਰਕਾਰ ਪੰਜਾਬ ਦਾ ਸਾਥ ਦੇਵੇ।”