ਚੰਡੀਗੜ੍ਹ :- ਚੱਕਰਵਾਤ ‘ਮੋਂਥਾ’ ਦਾ ਅਸਰ ਹੁਣ ਪੰਜਾਬ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ, ਭਾਵੇਂ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ, ਪਰ ਹੇਠਾਂ ਵਗ ਰਹੀਆਂ ਹਵਾਵਾਂ ਨੇ ਪ੍ਰਦੂਸ਼ਣ ਤੋਂ ਕੁਝ ਹੱਦ ਤੱਕ ਰਾਹਤ ਦਿੱਤੀ ਹੈ। ਇਹ ਹਵਾਵਾਂ ਹਿਮਾਚਲ ਪ੍ਰਦੇਸ਼ ਦੀ ਦਿਸ਼ਾ ਵੱਲੋਂ ਆ ਰਹੀਆਂ ਹਨ, ਜਿਸ ਨਾਲ ਸੂਬੇ ਵਿੱਚ ਤਾਪਮਾਨ ਵਿੱਚ ਵੀ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ।
ਉੱਤਰੀ ਹਵਾਵਾਂ ਨਾਲ ਪ੍ਰਦੂਸ਼ਣ ਘੱਟਿਆ, ਕੇਂਦਰੀ ਪੰਜਾਬ ਵਿੱਚ ਹਾਲਤ ਚਿੰਤਾਜਨਕ
ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਇਸ ਸਮੇਂ ਉੱਤਰ ਤੋਂ ਉੱਤਰ-ਪੂਰਬ ਵੱਲ ਹਵਾਵਾਂ ਵਗ ਰਹੀਆਂ ਹਨ। ਬਠਿੰਡਾ ਅਤੇ ਅੰਮ੍ਰਿਤਸਰ ਜਿਹੇ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਸੁਧਰੀ ਹੈ ਅਤੇ ਪ੍ਰਦੂਸ਼ਣ ਪੱਧਰ 100 ਤੋਂ ਹੇਠਾਂ ਆ ਗਿਆ ਹੈ। ਪਰ ਕੇਂਦਰੀ ਪੰਜਾਬ ਵਿੱਚ ਹਾਲਾਤ ਚਿੰਤਾਜਨਕ ਹਨ, ਜਿੱਥੇ ਪ੍ਰਦੂਸ਼ਣ ਦੀ ਮਾਤਰਾ ਖਤਰਨਾਕ ਪੱਧਰ ‘ਤੇ ਪਹੁੰਚ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਅੱਧੇ ਪੰਜਾਬ ਵਿੱਚ ਉੱਤਰ ਵੱਲੋਂ ਅਤੇ ਬਾਕੀ ਹਿੱਸੇ ਵਿੱਚ ਦੱਖਣ-ਪੱਛਮ ਵੱਲੋਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਪ੍ਰਦੂਸ਼ਣ ਫਿਰ ਵਧ ਸਕਦਾ ਹੈ।
ਤਾਪਮਾਨ ਵਿੱਚ ਗਿਰਾਵਟ ਤੋਂ ਬਾਅਦ ਅੱਜ ਹੋ ਸਕਦਾ ਹੈ ਹਲਕਾ ਵਾਧਾ
ਚੱਕਰਵਾਤ ਕਾਰਨ ਹਿਮਾਚਲ ਪ੍ਰਦੇਸ਼ ਵੱਲੋਂ ਠੰਢੀਆਂ ਹਵਾਵਾਂ ਦੇ ਆਉਣ ਨਾਲ ਪੰਜਾਬ ਦਾ ਤਾਪਮਾਨ 0.6 ਡਿਗਰੀ ਘੱਟਿਆ ਹੈ, ਜਦਕਿ ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 32.2 ਡਿਗਰੀ ਰਿਹਾ। ਹਾਲਾਂਕਿ, ਮੌਸਮ ਵਿਭਾਗ ਦੇ ਅਨੁਸਾਰ ਅੱਜ ਹਵਾ ਦੀ ਦਿਸ਼ਾ ਵਿੱਚ ਤਬਦੀਲੀ ਕਾਰਨ ਤਾਪਮਾਨ ਵਿੱਚ 1 ਡਿਗਰੀ ਤੱਕ ਵਾਧਾ ਹੋ ਸਕਦਾ ਹੈ।
ਦਿੱਲੀ-ਐਨਸੀਆਰ ਵਿੱਚ ਵੀ ਹਵਾ ਠੰਢੀ ਹੋਈ, ਹਲਕੀ ਬੂੰਦਾਬਾਂਦੀ ਦੀ ਸੰਭਾਵਨਾ
ਚੱਕਰਵਾਤੀ ਹਵਾਵਾਂ ਦਾ ਅਸਰ ਰਾਜਧਾਨੀ ਦਿੱਲੀ ਤੱਕ ਵੀ ਪਹੁੰਚ ਗਿਆ ਹੈ। ਤਾਪਮਾਨ ਵਿੱਚ ਲਗਾਤਾਰ ਗਿਰਾਵਟ ਕਾਰਨ ਲੋਕਾਂ ਨੂੰ ਸਵੇਰ-ਸ਼ਾਮ ਠੰਢ ਮਹਿਸੂਸ ਹੋ ਰਹੀ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਦਿੱਲੀ-ਐਨਸੀਆਰ ਵਿੱਚ ਹਲਕੀ ਬੂੰਦਾਬਾਂਦੀ ਦੀ ਭਵਿੱਖਬਾਣੀ ਕੀਤੀ ਹੈ। ਬੁੱਧਵਾਰ ਸਵੇਰੇ ਹਵਾ ਦੀ ਗੁਣਵੱਤਾ ਵਿੱਚ ਹਲਕਾ ਸੁਧਾਰ ਆਇਆ, ਪਰ ਏਕਿਊਆਈ (AQI) 279 ‘ਤੇ ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।

