ਤਰਨਤਾਰਨ :- ਤਰਨਤਾਰਨ ਉਪ ਚੋਣ ਲਈ ਹੋਈ ਪ੍ਰਚਾਰ ਰੈਲੀ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਨਾਲ ਜੁੜੀ ਟਿੱਪਣੀ ਕਰਨ ਮਾਮਲੇ ਨੇ ਵੱਡਾ ਰੂਪ ਧਾਰ ਲਿਆ ਹੈ। ਇਸ ਮਾਮਲੇ ਵਿੱਚ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਸੁ ਮੋਟੋ ਕਾਰਵਾਈ ਕਰਦਿਆਂ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 6 ਨਵੰਬਰ ਤੱਕ ਜਵਾਬ ਦੇਣ ਦੇ ਆਦੇਸ਼ ਦਿੱਤੇ ਹਨ।
ਬੂਟਾ ਸਿੰਘ ਬਾਰੇ ਟਿੱਪਣੀ ਨਾਲ ਭੜਕੀ ਚਰਚਾ
ਰਾਜਾ ਵੜਿੰਗ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਕਹਿੰਦੇ ਸੁਣੇ ਗਏ ਕਿ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ “ਕਾਲੇ ਰੰਗ ਦਾ ਅਤੇ ਪੱਠੇ ਕੁਤਰਦਾ ਵਿਅਕਤੀ” ਬਣਾਇਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਇਸ਼ਾਰਾ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਵੱਲ ਸੀ। ਇਸ ਬਿਆਨ ਤੋਂ ਬਾਅਦ ਦਲਿਤ ਸੰਗਠਨਾਂ ਅਤੇ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਜਤਾਈ ਹੈ।
ਐਸ.ਸੀ.ਕਮਿਸ਼ਨ ਨੇ ਸੂ ਮੋਟੋ ਨੋਟਿਸ ਲੈ ਕੇ ਮੰਗਿਆ ਜਵਾਬ
ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਬੂਟਾ ਸਿੰਘ ਵਰਗੇ ਮਾਣਯੋਗ ਨੇਤਾ ਬਾਰੇ ਅਜਿਹੀ ਟਿੱਪਣੀ ਸਿਰਫ਼ ਦਲਿਤ ਭਾਈਚਾਰੇ ਦੀ ਨਹੀਂ, ਸਗੋਂ ਸਾਰੇ ਪੰਜਾਬ ਦੀ ਬੇਇਜ਼ਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਇਸ ਮਾਮਲੇ ਵਿੱਚ ਸੂ ਮੋਟੋ ਨੋਟਿਸ ਜਾਰੀ ਕਰਕੇ ਰਾਜਾ ਵੜਿੰਗ ਤੋਂ 6 ਨਵੰਬਰ ਤੱਕ ਲਿਖਤੀ ਜਵਾਬ ਮੰਗਿਆ ਗਿਆ ਹੈ।
ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਪ੍ਰਧਾਨ ‘ਤੇ ਕੱਸਿਆ ਤੀਖਾ ਤੰਜ
ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਤੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਨੇ ਰਾਜਾ ਵੜਿੰਗ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ “ਅਜਿਹੇ ਘਟੀਆ ਵਿਚਾਰ ਰੱਖਣ ਵਾਲੇ ਲੋਕ ਮਰਹੂਮ ਬੂਟਾ ਸਿੰਘ ਦੇ ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹਨ।” ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਨੂੰ ਇਸ ਮਾਮਲੇ ‘ਤੇ ਜਨਤਕ ਮਾਫ਼ੀ ਮੰਗਣੀ ਚਾਹੀਦੀ ਹੈ।
ਕਾਂਗਰਸ ਪ੍ਰਧਾਨ ਵੜਿੰਗ ਖ਼ਾਮੋਸ਼, ਵਿਰੋਧੀਆਂ ਦਾ ਹਮਲਾ ਜਾਰੀ
ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਸ ਵਿਵਾਦ ‘ਤੇ ਹਾਲੇ ਤੱਕ ਕੋਈ ਸਪੱਸ਼ਟੀਕਰਨ ਜਾਂ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਦੂਜੇ ਪਾਸੇ, ਆਮ ਆਦਮੀ ਪਾਰਟੀ, ਸ਼ਿਰੋਮਣੀ ਅਕਾਲੀ ਦਲ ਅਤੇ ਦਲਿਤ ਸੰਗਠਨਾਂ ਵੱਲੋਂ ਉਨ੍ਹਾਂ ਖ਼ਿਲਾਫ਼ ਕੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਦਲਿਤ ਸੰਗਠਨਾਂ ਵੱਲੋਂ ਪ੍ਰਦਰਸ਼ਨ ਦੀ ਚੇਤਾਵਨੀ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਐਸਸੀ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਰਾਜਾ ਵੜਿੰਗ ਆਪਣੀ ਟਿੱਪਣੀ ਵਾਪਸ ਨਹੀਂ ਲੈਂਦੇ ਅਤੇ ਮਾਫ਼ੀ ਨਹੀਂ ਮੰਗਦੇ, ਤਾਂ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

