ਬਰਨਾਲਾ :- ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਦਾ ਨਵਾਂ ਗੀਤ ਇਸ ਸਮੇਂ ਤਿੱਖੇ ਵਿਵਾਦਾਂ ਦਾ ਕੇਂਦਰ ਬਣਿਆ ਹੋਇਆ ਹੈ। ਗੀਤ ਵਿੱਚ ਵਰਤੇ ਗਏ ਸ਼ਬਦਾਂ ਨੂੰ ਪਿੰਡਾਂ ਦੀ ਚੁਣੀ ਹੋਈ ਪ੍ਰਧਾਨਗੀ ਦੇ ਅਪਮਾਨ ਵਜੋਂ ਦੇਖਿਆ ਜਾ ਰਿਹਾ ਹੈ। ਗੀਤ ਦੇ ਲਫ਼ਜ਼ — “ਸਣੇ ਸਰਪੰਚ ਸਾਰਾ ਪਿੰਡ ਕੁੱਟ ਦਿਉਂ” — ‘ਤੇ ਸਰਪੰਚਾਂ ਵੱਲੋਂ ਨਾਰਾਜ਼ਗੀ ਜਤਾਉਂਦੇ ਹੋਏ ਸਖ਼ਤ ਵਿਰੋਧ ਦਰਜ करवਾਇਆ ਗਿਆ।
ਬਰਨਾਲਾ ‘ਚ ਸਰਪੰਚਾਂ ਦਾ ਇਕੱਠ, ਗੇਟ ਬਾਹਰ ਨਾਅਰੇਬਾਜ਼ੀ
ਜਿਲ੍ਹਾ ਬਰਨਾਲਾ ਨਾਲ ਸੰਬੰਧਿਤ ਕਈ ਪਿੰਡਾਂ ਦੇ ਸੈਂਕੜਿਆਂ ਸਰਪੰਚ ਇਕੱਠੇ ਹੋ ਕੇ ਡੀਸੀ ਦਫ਼ਤਰ ਦੇ ਬਾਹਰ ਪਹੁੰਚੇ ਤੇ ਗਾਇਕ ਦੇ ਖ਼ਿਲਾਫ਼ ਰੋਸ ਜਤਾਇਆ। ਸਰਪੰਚਾਂ ਦਾ ਕਹਿਣਾ ਹੈ ਕਿ ਇਹ ਗਾਣਾ ਪਿੰਡਾਂ ਦੇ ਲੋਕਤੰਤਰਕ ਤੰਦਰੁਸਤ ਇੰਤਜ਼ਾਮ ਨੂੰ ਬਦਨਾਮ ਕਰਦਾ ਹੈ ਅਤੇ ਨੌਜਵਾਨਾਂ ਵਿਚ ਹਿੰਸਕ ਸੋਚ ਨੂੰ ਪ੍ਰੋਤਸਾਹਿਤ ਕਰਦਾ ਹੈ।
ਸਰਪੰਚਾਂ ਦੀ ਸਪੱਸ਼ਟ ਮੰਗ — ਗਾਣਾ ਹਟਾਓ ਜਾਂ ਬੈਨ ਕਰੋ
ਕਈ ਸਰਪੰਚਾਂ ਨੇ ਮਿਲ ਕੇ ਇਹ ਮੰਗ ਰੱਖੀ ਕਿ ਗੁਲਾਬ ਸਿੱਧੂ ਜਨਤਕ ਤੌਰ ‘ਤੇ ਆ ਕੇ ਮਾਫ਼ੀ ਮੰਗੇ ਤੇ ਗਾਣੇ ਨੂੰ ਆਪਣੇ ਪਲੇਟਫਾਰਮਾਂ ਤੋਂ ਪੂਰੀ ਤਰ੍ਹਾਂ ਹਟਾਏ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਕੋਈ ਡੀ.ਜੇ. ਜਾਂ ਇਵੈਂਟ ਵਿੱਚ ਇਹ ਗਾਣਾ ਚਲਾਇਆ ਗਿਆ ਤਾਂ ਉਸ ਦੇ ਖਿਲਾਫ਼ ਵੀ ਕਾਰਵਾਈ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਪਿੰਡ ਦੇ ਚੁਣੇ ਪ੍ਰਤੀਨਿਧੀਆਂ ਦੀ ਬੇਇਜ਼ਤੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਗੁਲਾਬ ਸਿੱਧੂ ਨੇ ਸਰਪੰਚਾਂ ਦੇ ਇਕੱਠ ਵਿੱਚ ਮੰਗੀ ਮੁਆਫੀ
ਵਿਵਾਦ ਵੱਧਣ ਤੋਂ ਬਾਅਦ ਗੁਲਾਬ ਸਿੱਧੂ ਸਰਪੰਚਾਂ ਦੇ ਇਕੱਠ ‘ਚ ਪਹੁੰਚਿਆ ਤੇ ਆਪਣੀ ਗਲਤੀ ਮੰਨਦੇ ਹੋਏ ਮੁਆਫੀ ਮੰਗੀ। ਉਸਨੇ ਕਿਹਾ ਕਿ ਗੀਤ ਵਿੱਚੋਂ ਵਿਵਾਦਤ ਸ਼ਬਦਾਂ ‘ਤੇ ਹੁਣ ਬੀਪ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਤਣਾਅ ਨਾ ਬਣੇ। ਗਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ “ਜਿਹੜੇ ਵੀ ਵਿਆਹ-ਸ਼ਾਦੀ ਜਾਂ ਸਮਾਗਮ ‘ਚ ਗਾਣੇ ਚਲਾਉਂਦੇ ਹਨ, ਉਹ ਇਸ ਗੀਤ ਨੂੰ ਨਾ ਚਲਾਉਣ। ਭਾਈਚਾਰੇ ਦੀ ਸਾਂਝ ਸਭ ਤੋਂ ਵੱਡੀ ਹੈ।”
ਸਿੱਧੂ ਨੇ ਪੰਜਾਬ ਅਤੇ ਦੇਸ਼ ਭਰ ਦੇ ਸਭ ਸਰਪੰਚਾਂ ਕੋਲੋਂ ਤਹਿ ਦਿਲੋਂ ਮੁਆਫੀ ਵੀ ਮੰਗੀ।

