ਚੰਡੀਗੜ੍ਹ :- ਪੰਜਾਬ ਕਾਂਗਰਸ ਦੀ ਅੰਦਰੂਨੀ ਸਥਿਤੀ ਇਕ ਵਾਰ ਫਿਰ ਹਿਲ ਗਈ ਹੈ। ਸੂਬਾ ਪ੍ਰਧਾਨ ਰਾਜਾ ਵੜਿੰਗ ਦੇ “ਨੌਜਵਾਨਾਂ ਨੂੰ ਅੱਗੇ ਲਿਆਉਣ” ਵਾਲੇ ਬਿਆਨ ਨੇ ਪਾਰਟੀ ਅੰਦਰ ਸੁੱਤੇ ਪਏ ਟਕਰਾਅ ਨੂੰ ਖੁੱਲ੍ਹੀ ਬਿਆਨਬਾਜ਼ੀ ਵਿੱਚ ਬਦਲ ਦਿੱਤਾ ਹੈ, ਜਿਸ ਨਾਲ ਕਾਂਗਰਸ ਦੋ ਸਪੱਸ਼ਟ ਧੜਿਆਂ ਵਿੱਚ ਵੰਡਦੀ ਨਜ਼ਰ ਆ ਰਹੀ ਹੈ।
ਵੜਿੰਗ ਦੇ ਬਿਆਨ ਨੇ ਖਿੱਚੀ ਲਕੀਰ
2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਰੀਬ 70 ਨਵੇਂ ਯੂਥ ਚਿਹਰੇ ਮੈਦਾਨ ’ਚ ਉਤਾਰਣ ਦੇ ਸੰਕੇਤਾਂ ਨੇ ਪਾਰਟੀ ਅੰਦਰ ਪੁਰਾਣੀ ਲੀਡਰਸ਼ਿਪ ਅਤੇ ਨਵੀਂ ਪੀੜ੍ਹੀ ਵਿਚਕਾਰ ਤਣਾਅ ਨੂੰ ਹੋਰ ਗਹਿਰਾ ਕਰ ਦਿੱਤਾ ਹੈ। ਇਹ ਬਿਆਨ ਕਾਂਗਰਸ ਲਈ ਰਣਨੀਤੀ ਘੱਟ ਅਤੇ ਅੰਦਰੂਨੀ ਸਿਆਸਤ ਵੱਧ ਬਣਦਾ ਦਿੱਖ ਰਿਹਾ ਹੈ।
ਸੌਰਵ ਸ਼ਰਮਾ ਦਾ ਸਿੱਧਾ ਹਮਲਾ
ਦੋਆਬਾ ਜ਼ੋਨ ਦੇ ਸੋਸ਼ਲ ਮੀਡੀਆ ਸਟੇਟ ਕੋਆਰਡੀਨੇਟਰ ਸੌਰਵ ਸ਼ਰਮਾ ਨੇ ਬਿਨਾਂ ਘੁੰਮਾਫਿਰਾ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ’ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਜਿਹੜੇ ਆਗੂ ਆਪਣੀ ਸਿਆਸੀ ਪਕੜ ਮੈਦਾਨ ਵਿੱਚ ਗੁਆ ਬੈਠੇ ਹਨ, ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਮੌਕਾ ਦੇਣ ’ਤੇ ਸਵਾਲ ਚੁੱਕਣਾ ਬੇਮਾਇਨੇ ਹੈ। ਉਨ੍ਹਾਂ ਮੁਤਾਬਕ ਕਾਂਗਰਸ ਨੂੰ ਹੁਣ ਤਜਰਬੇ ਦੇ ਨਾਂ ’ਤੇ ਥੱਕੇ ਚਿਹਰੇ ਨਹੀਂ, ਸਗੋਂ ਜੁੜੇ ਹੋਏ ਨੌਜਵਾਨ ਚਾਹੀਦੇ ਹਨ।
ਨਵਤੇਜ ਚੀਮਾ ਦੀ ਟਿੱਪਣੀ ਤੋਂ ਵਧਿਆ ਘਮਾਸਾਨ
ਇਸ ਤੋਂ ਪਹਿਲਾਂ ਨਵਤੇਜ ਸਿੰਘ ਚੀਮਾ ਵੱਲੋਂ ਇੱਕ ਨਿੱਜੀ ਟੀ.ਵੀ. ਚੈਨਲ ’ਤੇ ਦਿੱਤਾ ਗਿਆ ਬਿਆਨ, ਜਿਸ ’ਚ ਉਨ੍ਹਾਂ ਨੇ “ਪਹਿਲਾਂ ਪੁਰਾਣਿਆਂ ਨੂੰ ਸਾਂਭਣ” ਦੀ ਗੱਲ ਕੀਤੀ ਸੀ, ਅੰਦਰੂਨੀ ਅਸਹਿਮਤੀ ਦੀ ਚਿੰਗਾਰੀ ਬਣਿਆ। ਇਸ ਟਿੱਪਣੀ ਨੂੰ ਵੜਿੰਗ ਦੀ ਲੀਡਰਸ਼ਿਪ ’ਤੇ ਅਪਰੋਕਸ਼ ਸਵਾਲ ਵਜੋਂ ਵੇਖਿਆ ਜਾ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਲੜਾਈ, ਪਾਰਟੀ ਦਫ਼ਤਰਾਂ ’ਚ ਖਾਮੋਸ਼ੀ
ਸੌਰਵ ਸ਼ਰਮਾ ਦੀ ਪ੍ਰਤੀਕਿਰਿਆ ਵਾਲੀ ਵੀਡੀਓ ਦੇ ਵਾਇਰਲ ਹੋਣ ਨਾਲ ਇਹ ਟਕਰਾਅ ਹੁਣ ਕਾਂਗਰਸ ਦੇ ਅੰਦਰੂਨੀ ਮੰਚਾਂ ਤੱਕ ਸੀਮਤ ਨਹੀਂ ਰਿਹਾ। ਦਿਲਚਸਪ ਗੱਲ ਇਹ ਹੈ ਕਿ ਸੂਬਾ ਪੱਧਰ ’ਤੇ ਸੀਨੀਅਰ ਨੇਤ੍ਰਿਤਵ ਵੱਲੋਂ ਹਾਲੇ ਤੱਕ ਕੋਈ ਸਪੱਸ਼ਟ ਸਥਿਤੀ ਸਾਹਮਣੇ ਨਹੀਂ ਆਈ।
ਲਗਾਤਾਰ ਵਿਵਾਦਾਂ ’ਚ ਘਿਰੀ ਕਾਂਗਰਸ
ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਬਾਹਰ ਕਰਨ ਤੋਂ ਬਾਅਦ ਇਹ ਨਵਾਂ ਵਿਵਾਦ ਕਾਂਗਰਸ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ। ਲਗਾਤਾਰ ਅੰਦਰੂਨੀ ਟਕਰਾਅ ਇਹ ਸੰਕੇਤ ਦੇ ਰਹੇ ਹਨ ਕਿ ਪਾਰਟੀ ਅਜੇ ਤੱਕ ਆਪਣੀ ਸੰਗਠਨਕ ਲਕੀਰ ਤੈਅ ਨਹੀਂ ਕਰ ਪਾਈ।
2027 ਤੋਂ ਪਹਿਲਾਂ ਵੱਡੀ ਚੁਣੌਤੀ
ਰਾਜਨੀਤਕ ਜਾਣਕਾਰਾਂ ਦਾ ਮੰਨਣਾ ਹੈ ਕਿ ਜੇ ਨੌਜਵਾਨ ਅਤੇ ਪੁਰਾਣੀ ਲੀਡਰਸ਼ਿਪ ਵਿਚਕਾਰ ਇਹ ਟਕਰਾਅ ਸਮੇਂ ਸਿਰ ਨਹੀਂ ਸੰਭਾਲਿਆ ਗਿਆ, ਤਾਂ 2027 ਦੀ ਤਿਆਰੀ ਕਾਂਗਰਸ ਲਈ ਮੈਦਾਨ ਤੋਂ ਪਹਿਲਾਂ ਹੀ ਦਫ਼ਤਰਾਂ ਵਿੱਚ ਹਾਰ ਬਣ ਸਕਦੀ ਹੈ।

