ਚੰਡੀਗੜ੍ਹ :- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਵਾਰ ਫਿਰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਤਾਜ਼ਾ ਮਾਮਲੇ ਵਿੱਚ ਗੈਂਗਸਟਰ ਗੋਪੀ ਲਾਹੌਰੀਆ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਰਾਜਾ ਵੜਿੰਗ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਉਸਨੇ ਲਿਖਿਆ ਕਿ ਸੁਰੱਖਿਆ ਨਾਲ ਘਿਰੇ ਹੋਏ ਬਿਆਨ ਦੇਣਾ ਆਸਾਨ ਹੈ, ਪਰ ਇੱਕ ਵਾਰ ਸੁਰੱਖਿਆ ਹਟਾ ਕੇ ਦੇਖੋ, ਫਿਰ ਹਕੀਕਤ ਸਾਹਮਣੇ ਆ ਜਾਵੇਗੀ।
ਵੜਿੰਗ ਦੇ ਬਿਆਨ ਤੋਂ ਬਾਅਦ ਆ ਰਹੀਆਂ ਧਮਕੀਆਂ
ਇਹ ਸਾਰੀ ਵਿਵਾਦ ਦੀ ਸ਼ੁਰੂਆਤ ਤਰਨਤਾਰਨ ਜ਼ਿਮਨੀ ਚੋਣਾਂ ਦੌਰਾਨ ਹੋਈ, ਜਦੋਂ ਰਾਜਾ ਵੜਿੰਗ ਨੇ ਜਨਤਕ ਮੀਟਿੰਗ ਵਿੱਚ ਸਵਾਲ ਉਠਾਇਆ ਸੀ ਕਿ “ਕੀ ਹੁਣ ਗੈਂਗਸਟਰ ਫੋਨ ‘ਤੇ ਕੰਮ ਕਰਵਾਉਣਗੇ?” ਉਸਨੇ ਗੈਂਗਸਟਰਾਂ ਦੇ ਪਰਿਵਾਰਾਂ ‘ਤੇ ਵੀ ਐਫਆਈਆਰ ਦਰਜ ਕਰਨ ਦੀ ਗੱਲ ਕੀਤੀ ਸੀ। ਉਸ ਬਿਆਨ ਤੋਂ ਬਾਅਦ ਪਹਿਲਾਂ ਪਾਕਿਸਤਾਨ ‘ਚ ਰਹਿ ਰਿਹਾ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵੜਿੰਗ ਨੂੰ ਮਾਰਨ ਦੀ ਧਮਕੀ ਦੇ ਚੁੱਕਾ ਹੈ, ਅਤੇ ਹੁਣ ਗੋਪੀ ਲਾਹੌਰੀਆ ਨੇ ਵੀ ਅਜਿਹਾ ਹੀ ਚੇਤਾਵਨੀ ਭਰਿਆ ਸੰਦੇਸ਼ ਜਾਰੀ ਕੀਤਾ ਹੈ।
ਗੈਂਗਸਟਰ ਦੀ ਸੋਸ਼ਲ ਮੀਡੀਆ ਪੋਸਟ ਨੇ ਚੌਕਾਇਆ
ਗੋਪੀ ਲਾਹੌਰੀਆ ਨੇ ਆਪਣੀ ਪੋਸਟ ਵਿੱਚ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ ਕਿ “ਤੁਸੀਂ ਵੋਟਾਂ ਲਈ ਜਾਤੀ ਅਧਾਰਤ ਬਿਆਨ ਦੇ ਰਹੇ ਹੋ। ਕਿਸੇ ਦੀ ਮਾਂ ਕਦੇ ਗੈਂਗਸਟਰ ਨੂੰ ਜਨਮ ਨਹੀਂ ਦਿੰਦੀ, ਪਰ ਗੰਦੀ ਰਾਜਨੀਤੀ ਸਾਨੂੰ ਉਸ ਰਾਹ ‘ਤੇ ਲਿਆਉਂਦੀ ਹੈ। ਜੇਕਰ ਸਿਸਟਮ ਸਹੀ ਹੁੰਦਾ ਤਾਂ ਸਾਨੂੰ ਆਪਣੇ ਘਰ ਛੱਡਣੇ ਨਾ ਪੈਂਦੇ।” ਉਸਨੇ ਇਹ ਵੀ ਕਿਹਾ ਕਿ “ਆਪਣੀ ਸੁਰੱਖਿਆ ਹਟਾਓ ਅਤੇ ਫਿਰ ਦੇਖੋ ਕੀ ਹੁੰਦਾ ਹੈ।”
ਸੀਨੀਅਰ ਕਾਂਗਰਸੀ ਨੇਤਾ ਨੂੰ ਵੀ ਮਿਲੀ ਸੀ ਧਮਕੀ
ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਰਾਜਬੀਰ ਸਿੰਘ ਭੁੱਲਰ ਨੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਮੌਤ ਦੀ ਧਮਕੀ ਮਿਲੀ ਹੈ। ਕਾਲ ਦੌਰਾਨ ਕਿਹਾ ਗਿਆ ਸੀ ਕਿ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਅਤੇ ਰਾਜਬੀਰ ਭੁੱਲਰ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ। ਇਸ ਮਾਮਲੇ ਦੀ ਜਾਣਕਾਰੀ ਤਰਨਤਾਰਨ ਦੇ ਐਸਐਸਪੀ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ।

