ਚੰਡੀਗੜ੍ਹ :- ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 112 ਦਵਾਈਆਂ ਦੀ ਵਿਕਰੀ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਵੱਲੋਂ ਇਨ੍ਹਾਂ ਦਵਾਈਆਂ ਨੂੰ ਘਟੀਆ ਗੁਣਵੱਤਾ ਵਾਲੀਆਂ (ਸਬ-ਸਟੈਂਡਰਡ) ਐਲਾਨਿਆ ਗਿਆ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਤੁਰੰਤ ਵੱਡਾ ਫੈਸਲਾ ਲਿਆ ਹੈ।
ਸਿਹਤ ਮੰਤਰੀ ਵੱਲੋਂ ਸਖ਼ਤ ਚੇਤਾਵਨੀ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਆਦੇਸ਼ ਜਾਰੀ ਕਰਦਿਆਂ ਸਾਫ਼ ਕੀਤਾ ਕਿ ਲਿਸਟ ਵਿੱਚ ਦਰਜ ਦਵਾਈਆਂ ਦੀ ਵਿਕਰੀ ਜਾਂ ਮਰੀਜ਼ਾਂ ‘ਤੇ ਵਰਤੋਂ ਕਦੇ ਵੀ ਨਾ ਕੀਤੀ ਜਾਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕਿਸੇ ਵੀ ਦਵਾਈ ਦੀ ਦੁਕਾਨ, ਹਸਪਤਾਲ ਜਾਂ ਫਾਰਮੇਸੀ ‘ਤੇ ਇਹ ਦਵਾਈਆਂ ਮਿਲੀਆਂ ਤਾਂ ਉਸਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਬਜ਼ਾਰ ਤੋਂ ਬੈਚ ਜ਼ਬਤ ਕਰਨ ਦੀ ਕਾਰਵਾਈ ਤੇਜ਼
ਪਤਾ ਲੱਗਾ ਹੈ ਕਿ ਪੰਜਾਬ ਵਿੱਚ ਤਿਆਰ ਕੀਤੀਆਂ ਗਈਆਂ 11 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ। ਜਾਂਚ ਰਿਪੋਰਟ ਤੋਂ ਬਾਅਦ ਸਬੰਧਿਤ ਫਾਰਮਾ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਦਵਾਈਆਂ ਨਾਲ ਸਬੰਧਤ ਪੂਰੀ ਲਾਟ (batch) ਨੂੰ ਬਜ਼ਾਰ ਤੋਂ ਵਾਪਸ ਮੰਗਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ।
ਸੂਬੇ ਵਾਸੀਆਂ ਦੀ ਸਿਹਤ ਪਹਿਲੀ ਤਰਜ਼ੀਹ
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਜੀਹ ਲੋਕਾਂ ਦੀ ਸੁਰੱਖਿਅਤ ਸਿਹਤ ਹੈ। ਜੋ ਵੀ ਦਵਾਈ ਮਿਆਰ ’ਤੇ ਖਰਾ ਨਹੀਂ ਉਤਰਦੀ, ਉਸ ਨੂੰ ਕਿਸੇ ਵੀ ਹਾਲਤ ‘ਚ ਬਜ਼ਾਰ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

