ਚੰਡੀਗੜ੍ਹ :- ਪੰਜਾਬ ਵਿੱਚ ਸਰਦੀ ਦਾ ਮੌਸਮ ਹੁਣ ਹੋਰ ਕੜਕਣ ਜਾ ਰਿਹਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅੱਜ ਤੋਂ ਸੂਬੇ ਵਿੱਚ ਸੀਤ ਲਹਿਰ ਹੋਰ ਤੀਬਰ ਹੋਵੇਗੀ, ਜਿਸਦਾ ਸਭ ਤੋਂ ਵੱਧ ਅਸਰ ਮਾਲਵਾ ਪੱਟੀ ’ਤੇ ਪਵੇਗਾ।
ਅੱਠ ਜ਼ਿਲ੍ਹਿਆਂ ਨੂੰ ਅਲਰਟ ‘ਤੇ ਰੱਖਿਆ ਗਿਆ
ਅਗਲੇ ਤਿੰਨ ਦਿਨਾਂ ਲਈ ਜਲੰਧਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਯੈਲੋ ਸੀਤ ਲਹਿਰ ਅਲਰਟ ਜਾਰੀ ਹੈ। ਇਹਨਾਂ ਖੇਤਰਾਂ ਵਿੱਚ ਰਾਤਾਂ ਕਾਫ਼ੀ ਠੰਡੀ ਰਹਿਣਗੀਆਂ ਅਤੇ ਸਵੇਰੇ ਤਾਪਮਾਨ ਖਤਰਨਾਕ ਤਰੀਕੇ ਨਾਲ ਘਟ ਸਕਦਾ ਹੈ।
ਪਾਰਾ 2 ਡਿਗਰੀ ਤੱਕ ਆ ਸਕਦਾ
ਮੌਸਮ ਮਾਹਿਰਾਂ ਦੇ ਮੁਤਾਬਕ, ਇਸ ਲਹਿਰ ਦੌਰਾਨ ਘੱਟੋ-ਘੱਟ ਤਾਪਮਾਨ ਅਗਲੇ ਦੋ ਦਿਨਾਂ ਵਿੱਚ 2 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਵੀ ਇਸ ਮੌਸਮੀ ਬਦਲਾਅ ਉੱਤੇ ਨਿਗਰਾਨੀ ਰੱਖਣ ਦੀ ਅਪੀਲ ਕੀਤੀ ਗਈ ਹੈ।
ਸੱਤ ਦਿਨ ਖੁਸ਼ਕ ਮੌਸਮ, ਪਰ ਧੁੰਦ ਤੋਂ ਸਾਵਧਾਨੀ ਲਾਜ਼ਮੀ
ਪੰਜਾਬ ਵਿੱਚ ਹਾਲਾਤਾਂ ਮੁਤਾਬਕ ਅਗਲੇ ਹਫ਼ਤੇ ਮੀਂਹ ਦੀ ਸੰਭਾਵਨਾ ਨਾ ਮਾਤਰ ਹੈ। ਹਾਲਾਂਕਿ ਰਾਤ ਤੇ ਸਵੇਰ ਦੇ ਸਮੇਂ ਸੂਬੇ ਦੇ ਕੁਝ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਧੁੰਦ ਦਿਖਾਈ ਦੇ ਸਕਦੀ ਹੈ, ਜਿਸ ਨਾਲ ਵਿਸ਼ੇਸ਼ ਤੌਰ ’ਤੇ ਸੜਕ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ।
ਲੋਕਾਂ ਨੂੰ ਧਿਆਨ ਰੱਖਣ ਦੀ ਅਪੀਲ
ਠੰਢ ਦੇ ਬਦਲਦੇ ਰੁਝਾਨ ਨੂੰ ਵੇਖਦਿਆਂ ਸਿਹਤ ਮਾਹਿਰਾਂ ਵੱਲੋਂ ਵੀ ਸਾਵਧਾਨੀਆਂ ਲਈ ਸੁਝਾਅ ਜਾਰੀ ਕੀਤੇ ਗਏ ਹਨ—ਸਵੇਰੇ ਤੇ ਰਾਤ ਨੂੰ ਬਾਹਰ ਨਿਕਲਦੇ ਸਮੇਂ ਗਰਮ ਕੱਪੜੇ ਜ਼ਰੂਰ ਪਹਿਨਣ ਤੇ ਬੁਜੁਰਗਾਂ ਬੱਚਿਆਂ ਅਤੇ ਬਿਮਾਰ ਵਿਅਕਤੀਆਂ ਲਈ ਵਾਧੂ ਸੰਭਾਲ ਦੀ ਸਲਾਹ ਦਿੱਤੀ ਗਈ ਹੈ।

