ਚੰਡੀਗੜ੍ਹ :- ਪੰਜਾਬ ’ਚ ਪਾਰਾ ਲਗਾਤਾਰ ਹੇਠਾਂ ਵੱਲ ਖਿਸਕ ਰਿਹਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, ਆਉਣ ਵਾਲੇ ਦਿਨਾਂ ਵਿੱਚ ਰਾਤਾਂ ਹੋਰ ਠੰਢੀਆਂ ਹੋਣ ਵਾਲੀਆਂ ਹਨ। ਅਗਲੇ ਹਫ਼ਤੇ ਤਾਪਮਾਨ ਵਿੱਚ ਲਗਭਗ 2 ਡਿਗਰੀ ਤੱਕ ਦੀ ਹੋਰ ਕਮੀ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਦਿਨ ਦੀ ਗਰਮੀ ਆਮ ਰਹੇਗੀ ਪਰ ਸਵੇਰੇ ਤੇ ਰਾਤ ਦੇ ਸਮੇਂ ਹਵਾ ਵਿੱਚ ਨਮੀ ਵਧੇਗੀ, ਜਿਸ ਕਾਰਨ ਠੰਢ ਦਾ ਅਹਿਸਾਸ ਹੋਰ ਤੇਜ਼ ਹੋ ਜਾਵੇਗਾ।
ਮੀਂਹ ਦੀ ਕੋਈ ਸੰਭਾਵਨਾ ਨਹੀਂ, ਮੌਸਮ ਰਹੇਗਾ ਸੁੱਕਾ
ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਕਿਸੇ ਵੀ ਹਿੱਸੇ ’ਚ ਵਰਖਾ ਦੇ ਅਸਾਰ ਨਹੀਂ ਹਨ। ਖੁਸ਼ਕ ਹਵਾਵਾਂ ਕਾਰਨ ਪੇਂਡੂ ਇਲਾਕਿਆਂ ਵਿੱਚ ਸਵੇਰੇ ਧੁੰਦ ਦੀ ਚਾਦਰ ਵੀ ਵੇਖਣ ਨੂੰ ਮਿਲ ਸਕਦੀ ਹੈ।
ਫਰੀਦਕੋਟ ਸਭ ਤੋਂ ਠੰਡਾ ਸ਼ਹਿਰ ਬਣਿਆ
ਮੰਗਲਵਾਰ ਸਵੇਰੇ ਫਰੀਦਕੋਟ ਰਾਜ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸੇ ਤਰ੍ਹਾਂ, ਅੰਮ੍ਰਿਤਸਰ ਦਾ ਤਾਪਮਾਨ 9.1 ਡਿਗਰੀ, ਲੁਧਿਆਣਾ 9.8 ਡਿਗਰੀ, ਬਠਿੰਡਾ 8 ਡਿਗਰੀ ਤੇ ਗੁਰਦਾਸਪੁਰ 9 ਡਿਗਰੀ ਦਰਜ ਹੋਏ। ਮੌਸਮ ਵਿਭਾਗ ਦੇ ਅਨੁਸਾਰ ਰਾਜ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਤੋਂ 1.6 ਡਿਗਰੀ ਘੱਟ ਰਿਹਾ।
ਵੱਧ ਤੋਂ ਵੱਧ ਤਾਪਮਾਨ ਵੀ ਆਇਆ 30 ਡਿਗਰੀ ਤੋਂ ਹੇਠਾਂ
ਬੁੱਧਵਾਰ ਦੀ ਸ਼ਾਮ ਤੱਕ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਵੀ 0.2 ਡਿਗਰੀ ਘੱਟਿਆ। ਹੁਣ ਰਾਜ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਪਾਰਾ 30 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਚੁੱਕਾ ਹੈ। ਮੌਸਮ ਵਿਗਿਆਨੀ ਅੰਦਾਜ਼ਾ ਲਗਾ ਰਹੇ ਹਨ ਕਿ ਅਗਲੇ ਕੁਝ ਦਿਨਾਂ ਵਿੱਚ ਇਹ ਹੋਰ 2 ਡਿਗਰੀ ਤੱਕ ਡਿੱਗ ਸਕਦਾ ਹੈ, ਜਿਸ ਨਾਲ ਠੰਢ ਦਾ ਅਹਿਸਾਸ ਹੋਰ ਵਧੇਗਾ।
ਮੌਸਮ ਵਿਭਾਗ ਦੀ ਚੇਤਾਵਨੀ
ਵਿਭਾਗ ਵੱਲੋਂ ਲੋਕਾਂ ਨੂੰ ਸਵੇਰੇ ਤੇ ਰਾਤ ਦੇ ਸਮੇਂ ਗਰਮ ਕੱਪੜੇ ਪਹਿਨਣ ਅਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਸਾਵਧਾਨੀ ਰੱਖਣ ਦੀ ਅਪੀਲ ਕੀਤੀ ਗਈ ਹੈ। ਮੌਜੂਦਾ ਹਾਲਾਤਾਂ ਦੇ ਮੁਤਾਬਕ, ਨਵੰਬਰ ਦੇ ਅਖੀਰ ਤੱਕ ਪੰਜਾਬ ਵਿੱਚ ਸਰਦੀਆਂ ਦਾ ਅਸਰ ਹੋਰ ਗਹਿਰਾ ਹੋ ਸਕਦਾ ਹੈ।

