ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਆਪਣਾ ਸਖ਼ਤ ਰੁਖ਼ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਦੌਰਾਨ ਰਾਤਾਂ ਅਤੇ ਸਵੇਰਾਂ ਨੂੰ ਸੰਘਣੀ ਧੁੰਦ ਦੇ ਨਾਲ ਖੁਸ਼ਕ ਠੰਢ ਹੋਰ ਵਧ ਸਕਦੀ ਹੈ, ਜਿਸ ਕਾਰਨ ਆਮ ਜੀਵਨ ਪ੍ਰਭਾਵਿਤ ਰਹੇਗਾ। ਸਵੇਰੇ ਦੇ ਸਮੇਂ ਵਿਜ਼ੀਬਿਲਟੀ ਘੱਟ ਰਹਿਣ ਦੀ ਸੰਭਾਵਨਾ ਹੈ।
ਸੰਘਣੀ ਧੁੰਦ ਲਈ ਅਲਰਟ ਜਾਰੀ
ਚੰਡੀਗੜ੍ਹ ਮੌਸਮ ਕੇਂਦਰ ਵੱਲੋਂ 26 ਦਸੰਬਰ ਤੱਕ ਸੰਘਣੀ ਧੁੰਦ ਨੂੰ ਲੈ ਕੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 29 ਦਸੰਬਰ ਲਈ ਪੀਲੇ ਅਲਰਟ ਦੀ ਚੇਤਾਵਨੀ ਦਿੱਤੀ ਗਈ ਹੈ। ਵਿਭਾਗ ਨੇ ਲੋਕਾਂ ਨੂੰ ਸਵੇਰੇ ਅਤੇ ਦੇਰ ਰਾਤ ਯਾਤਰਾ ਦੌਰਾਨ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਮੀਂਹ ਤੋਂ ਅਜੇ ਕੋਈ ਰਾਹਤ ਨਹੀਂ
ਮੌਸਮ ਵਿਗਿਆਨੀਆਂ ਅਨੁਸਾਰ ਮੈਦਾਨੀ ਇਲਾਕਿਆਂ ਵਿੱਚ ਅਜੇ ਤੱਕ ਵਰਖਾ ਨਹੀਂ ਹੋਈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਬਣ ਰਹੀ। ਪੱਛਮੀ ਗੜਬੜ, ਜੋ ਪਹਿਲਾਂ ਹਿਮਾਲੀਅਨ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੀ ਸੀ, ਹੁਣ ਜੰਮੂ–ਕਸ਼ਮੀਰ ਤੋਂ ਅੱਗੇ ਸਰਕ ਚੁੱਕੀ ਹੈ। ਇਸ ਕਾਰਨ ਕ੍ਰਿਸਮਸ ਦੇ ਦਿਨਾਂ ’ਚ ਵੀ ਬਰਫ਼ਬਾਰੀ ਦੀ ਉਮੀਦ ਨਹੀਂ ਹੈ।
ਕਿਹੜੇ ਜ਼ਿਲ੍ਹਿਆਂ ’ਚ ਕਿੰਨੀ ਧੁੰਦ
ਮੌਸਮ ਵਿਭਾਗ ਦੇ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਰੂਪਨਗਰ ਅਤੇ ਮੋਹਾਲੀ ਵਿੱਚ ਹਲਕੀ ਧੁੰਦ ਰਹਿਣ ਦੀ ਸੰਭਾਵਨਾ ਹੈ।
ਉੱਥੇ ਹੀ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ।
ਮੌਸਮ ਖੁਸ਼ਕ, ਲੋਕਾਂ ਲਈ ਸਾਵਧਾਨੀ ਦੀ ਸਲਾਹ
ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਵਰਖਾ ਤੋਂ ਕੋਈ ਰਾਹਤ ਨਹੀਂ ਮਿਲੇਗੀ। ਡਾਕਟਰਾਂ ਅਤੇ ਪ੍ਰਸ਼ਾਸਨ ਵੱਲੋਂ ਠੰਢ ਤੋਂ ਬਚਾਅ ਲਈ ਗਰਮ ਕੱਪੜੇ ਪਹਿਨਣ, ਬੁਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਅਤੇ ਧੁੰਦ ਦੌਰਾਨ ਵਾਹਨ ਹੌਲੀ ਚਲਾਉਣ ਦੀ ਅਪੀਲ ਕੀਤੀ ਗਈ ਹੈ।

