ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਮ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਮਹਿਲਾ ਵਨਡੇ ਵਰਲਡ ਕੱਪ ਜੇਤੂ ਟੀਮ ਦੀਆਂ ਪੰਜਾਬ ਮੂਲ ਖਿਡਾਰਨਾਵਾਂ ਨਾਲ ਖ਼ਾਸ ਮੁਲਾਕਾਤ ਕਰਨਗੇ। ਇਹ ਸਮਾਗਮ ਲਗਭਗ ਸ਼ਾਮ 5:30 ਵਜੇ ਹੋਵੇਗਾ, ਜਿਸ ਬਾਰੇ ਜਾਣਕਾਰੀ CM ਮਾਨ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।
ਪੰਜਾਬਣ ਖਿਡਾਰਨਾਂ ਅਤੇ ਕੋਚਿੰਗ ਸਟਾਫ਼ ਨੂੰ ਸਨਮਾਨ
ਪੰਜਾਬ ਸਰਕਾਰ ਵੱਲੋਂ ਇਸ ਵਿਸ਼ੇਸ਼ ਸਮਾਰੋਹ ਵਿੱਚ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਆਲਰਾਊਂਡਰ ਅਮਨਜੋਤ ਕੌਰ, ਬੈਟਰ ਹਰਲੀਨ ਕੌਰ ਦਿਓਲ ਅਤੇ ਉਨ੍ਹਾਂ ਦੇ ਕੋਚਿੰਗ ਸਟਾਫ਼ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਟੇਡੀਅਮ ਵਿੱਚ ਹਰਮਨਪ੍ਰੀਤ ਕੌਰ ਅਤੇ ਯੁਵਰਾਜ ਸਿੰਘ ਦੇ ਨਾਮ ‘ਤੇ ਬਣੇ ਦੋ ਨਵੇਂ ਸਟੈਂਡਾਂ ਦਾ ਉਦਘਾਟਨ ਵੀ ਮੁੱਖ ਮੰਤਰੀ ਮਾਨ ਦੁਆਰਾ ਕੀਤਾ ਜਾਵੇਗਾ।
47 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਤਿਹਾਸਕ ਜਿੱਤ
ਭਾਰਤੀ ਮਹਿਲਾ ਟੀਮ ਨੇ ਇਸ ਸਾਲ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾਕੇ ਪਹਿਲੀ ਵਾਰ ਵਨਡੇ ਵਰਲਡ ਕੱਪ ਟਰਾਫੀ ਆਪਣੇ ਨਾਮ ਕੀਤੀ। ਇਹ ਜਿੱਤ ਵੂਮੈਨਜ਼ ਵਨਡੇ ਕ੍ਰਿਕਟ ਦੇ 52 ਸਾਲਾਂ ਦੇ ਇਤਿਹਾਸ ਵਿੱਚ ਭਾਰਤ ਦੀ ਪਹਿਲੀ ਵੱਡੀ ਆਈਸੀਸੀ ਟਰਾਫੀ ਬਣੀ।
ਸ਼ੇਫਾਲੀ ਦਾ ਆਲਰਾਊਂਡ ਪ੍ਰਦਰਸ਼ਨ, ਦੀਪਤੀ ਦੀ ਕਮਾਲ ਬਾਲਿੰਗ
ਬਾਲਿੰਗ ਚੁਣਨ ਵਾਲੀ ਸਾਊਥ ਅਫਰੀਕਾ ਟੀਮ ਦੇ ਮੁਕਾਬਲੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 298 ਦੌੜਾਂ ਬਣਾਈਆਂ। ਸ਼ੇਫਾਲੀ ਵਰਮਾ ਨੇ 87 ਦੌੜਾਂ ਅਤੇ 2 ਵਿਕਟਾਂ ਨਾਲ ਮੈਚ ਦਾ ਰੁਖ ਬਦਲ ਦਿੱਤਾ, ਜਦਕਿ ਦੀਪਤੀ ਸ਼ਰਮਾ ਨੇ ਸ਼ਾਨਦਾਰ 5 ਵਿਕਟਾਂ ਲੈ ਕੇ ਵਿਰੋਧੀ ਟੀਮ ਦੀਆਂ ਉਮੀਦਾਂ ਖਤਮ ਕਰ ਦਿੱਤੀਆਂ। ਦੀਪਤੀ ਸ਼ਰਮਾ ਨੂੰ ਟੂਰਨਾਮੈਂਟ ਦੀ ਸਭ ਤੋਂ ਵਧੀਆ ਖਿਡਾਰਨ ਚੁਣਿਆ ਗਿਆ।
ਭਾਰਤੀ ਟੀਮ ਦੀਆਂ ਪੁਰਾਣੀਆਂ ਚੁਣੌਤੀਆਂ ਤੋਂ ਇਤਿਹਾਸਕ ਫਤਿਹ ਤੱਕ ਦੀ ਯਾਤਰਾ
ਭਾਰਤੀ ਮਹਿਲਾ ਟੀਮ ਨੇ ਵੂਮੈਨਜ਼ ਵਰਲਡ ਕੱਪ 1979 ਵਿੱਚ ਪਹਿਲੀ ਵਾਰ ਹਿੱਸਾ ਲਿਆ ਸੀ। 2005 ਅਤੇ 2017 ਵਿੱਚ ਟੀਮ ਫਾਈਨਲ ਤੱਕ ਤਾਂ ਪਹੁੰਚੀ ਪਰ ਖਿਤਾਬ ਜਿੱਤਣ ਤੋਂ ਰਹਿ ਗਈ। 2025 ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਸੈਮੀਫਾਈਨਲ ਵਿੱਚ ਹਰਾਉਂਦੇ ਹੋਏ ਤੀਜੀ ਵਾਰ ਫਾਈਨਲ ਖੇਡੀ ਅਤੇ ਇਸ ਵਾਰੀ ਸਾਊਥ ਅਫਰੀਕਾ ਨੂੰ ਹਰਾਕੇ ਚਾਰ ਦਹਾਕਿਆਂ ਦੀ ਲੰਬੀ ਉਡੀਕ ਖਤਮ ਕੀਤੀ।
ਇਹ ਟਰਾਫੀ ਮਹਿਲਾ ਵਨਡੇ ਵਰਲਡ ਕੱਪ ਵਿੱਚ 25 ਸਾਲ ਬਾਅਦ ਕਿਸੇ ਨਵੀਂ ਟੀਮ ਦੁਆਰਾ ਜਿੱਤੀ ਗਈ ਹੈ। ਇਸ ਤੋਂ ਪਹਿਲਾਂ 2000 ਵਿੱਚ ਨਿਊਜ਼ੀਲੈਂਡ ਨੇ ਇਹ ਖਿਤਾਬ ਜਿੱਤਿਆ ਸੀ, ਜਦਕਿ ਆਸਟ੍ਰੇਲੀਆ ਅਤੇ ਇੰਗਲੈਂਡ ਲਗਾਤਾਰ ਇਸ ਟੂਰਨਾਮੈਂਟ ਦੇ ਪ੍ਰਮੁੱਖ ਦਾਅਵੇਦਾਰ ਰਹੇ ਹਨ।

