ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰੇ ਨਿਮਾਣੇ ਸਿੱਖ ਵਜੋਂ ਨੰਗੇ ਪੈਰੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਰਿਕਰਮਾ ਕਰਦਿਆਂ ਅਰਦਾਸ ਕੀਤੀ ਅਤੇ ਪੂਰਾ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰੱਖਣ ਦਾ ਸੰਦੇਸ਼ ਦਿੱਤਾ। ਮੌਕੇ ’ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ।
ਸਕੱਤਰੇਤ ਪਹੁੰਚ ਕੇ ਪੇਸ਼ੀ ਦੀ ਤਿਆਰੀ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੁੱਖ ਮੰਤਰੀ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਪਹੁੰਚ ਗਏ, ਜਿੱਥੇ ਉਹ ਦੁਪਹਿਰ 12 ਵਜੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਮਣੇ ਸਪੱਸ਼ਟੀਕਰਨ ਪੇਸ਼ ਕਰਨਗੇ। ਅਕਾਲ ਤਖ਼ਤ ਵੱਲੋਂ ਪਹਿਲਾਂ ਹੀ ਇਹ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਅੰਮ੍ਰਿਤਧਾਰੀ ਸਿੱਖ ਨਾ ਹੋਣ ਕਾਰਨ ਉਨ੍ਹਾਂ ਦੀ ਪੇਸ਼ੀ ਫਾਸਿਲ ਦੀ ਬਜਾਏ ਸਕੱਤਰੇਤ ਵਿੱਚ ਹੀ ਹੋਵੇਗੀ।
ਸਿੱਧੇ ਪ੍ਰਸਾਰਣ ਦੀ ਮੰਗ
ਮੁੱਖ ਮੰਤਰੀ ਮਾਨ ਨੇ ਮੰਗ ਰੱਖੀ ਹੈ ਕਿ ਉਨ੍ਹਾਂ ਨਾਲ ਹੋਣ ਵਾਲੀ ਪੂਰੀ ਪੁੱਛਗਿੱਛ ਅਤੇ ਗੱਲਬਾਤ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ, ਤਾਂ ਜੋ ਸੰਗਤ ਅਤੇ ਆਮ ਲੋਕਾਂ ਨੂੰ ਪੂਰੀ ਪ੍ਰਕਿਰਿਆ ਦੀ ਪਾਰਦਰਸ਼ੀ ਜਾਣਕਾਰੀ ਮਿਲ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਸਪੱਸ਼ਟੀਕਰਨ ਦੀ ਹਰ ਗੱਲ ਜਨਤਾ ਦੇ ਸਾਹਮਣੇ ਹੋਣੀ ਚਾਹੀਦੀ ਹੈ।
ਪੇਸ਼ੀ ਦਾ ਸਮਾਂ ਚੌਥੀ ਵਾਰ ਤਬਦੀਲ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਪੇਸ਼ੀ ਦਾ ਸਮਾਂ ਅੱਜ ਚੌਥੀ ਵਾਰ ਬਦਲਿਆ ਗਿਆ। ਪਹਿਲਾਂ ਉਨ੍ਹਾਂ ਨੂੰ ਸਵੇਰੇ 10 ਵਜੇ ਬੁਲਾਇਆ ਗਿਆ ਸੀ, ਫਿਰ ਸਮਾਂ ਸ਼ਾਮ 4:30 ਵਜੇ ਤੈਅ ਕੀਤਾ ਗਿਆ। ਵੀਰਵਾਰ ਸਵੇਰੇ ਸਰਕਾਰੀ ਬੁਲਾਰੇ ਵੱਲੋਂ 11 ਤੋਂ 11:30 ਵਜੇ ਦਰਮਿਆਨ ਪੇਸ਼ੀ ਦਾ ਐਲਾਨ ਕੀਤਾ ਗਿਆ, ਜੋ ਬਾਅਦ ਵਿੱਚ ਬਦਲ ਕੇ ਦੁਪਹਿਰ 12 ਵਜੇ ਕਰ ਦਿੱਤਾ ਗਿਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਪੇਸ਼ੀ ਲਈ ਆਪਣੀ ਸਹਿਮਤੀ ਜਤਾਈ ਹੈ।
ਕਿਹੜੇ ਮੁੱਦਿਆਂ ’ਤੇ ਮੰਗਿਆ ਗਿਆ ਸਪੱਸ਼ਟੀਕਰਨ
ਅਕਾਲ ਤਖ਼ਤ ਵੱਲੋਂ ਮੁੱਖ ਮੰਤਰੀ ਮਾਨ ਨੂੰ ਇੱਕ ਇਤਰਾਜ਼ਯੋਗ ਵੀਡੀਓ, ਗੋਲਕ ਨਾਲ ਜੁੜੇ ਮਸਲੇ ਅਤੇ ਹੋਰ ਸਿੱਖ ਸੰਵੇਦਨਸ਼ੀਲ ਮੁੱਦਿਆਂ ’ਤੇ ਦਿੱਤੇ ਬਿਆਨਾਂ ਸਬੰਧੀ ਸਪੱਸ਼ਟੀਕਰਨ ਲਈ ਤਲਬ ਕੀਤਾ ਗਿਆ ਹੈ। ਅੱਜ ਦੀ ਪੇਸ਼ੀ ਦੌਰਾਨ ਇਨ੍ਹਾਂ ਸਾਰੇ ਮੁੱਦਿਆਂ ’ਤੇ ਵਿਸਥਾਰ ਨਾਲ ਗੱਲਬਾਤ ਹੋਣ ਦੀ ਸੰਭਾਵਨਾ ਹੈ।
ਸੁਰੱਖਿਆ ਅਤੇ ਪ੍ਰਸ਼ਾਸਨਿਕ ਤਿਆਰੀਆਂ
ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਪਰਿਸਰ ਤੋਂ ਲੈ ਕੇ ਅਕਾਲ ਤਖ਼ਤ ਸਕੱਤਰੇਤ ਤੱਕ ਪੁਲਿਸ ਤਾਇਨਾਤੀ ਵਧਾਈ ਗਈ ਹੈ, ਤਾਂ ਜੋ ਸ਼ਾਂਤੀ ਅਤੇ ਮਰਯਾਦਾ ਕਾਇਮ ਰਹੇ।

