ਗੁਰਦਾਸਪੁਰ :- ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿੱਥੇ ਹਵਾਲਾਤੀ ਅਤੇ ਕੈਦੀਆਂ ਦੀਆਂ ਦੋ ਵੱਖ-ਵੱਖ ਧਿਰਾਂ ਦਰਮਿਆਨ ਅਚਾਨਕ ਤੇਜ਼ ਝੜਪ ਹੋ ਗਈ। ਇਸ ਘਟਨਾ ਕਾਰਨ ਕੁਝ ਸਮੇਂ ਲਈ ਜੇਲ੍ਹ ਅੰਦਰ ਹੜਕੰਪ ਮਚ ਗਿਆ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵਧ ਗਈ।
ਸੂਚਨਾ ਮਿਲਦੇ ਹੀ ਪੁਲਸ ਅਲਰਟ
ਝੜਪ ਦੀ ਜਾਣਕਾਰੀ ਮਿਲਣ ਉਪਰੰਤ ਐੱਸ.ਐੱਸ.ਪੀ. ਗੁਰਦਾਸਪੁਰ ਆਦਿੱਤਿਆ (ਆਈ.ਪੀ.ਐੱਸ.) ਤੁਰੰਤ ਭਾਰੀ ਪੁਲਸ ਫੋਰਸ ਸਮੇਤ ਕੇਂਦਰੀ ਜੇਲ੍ਹ ਪਹੁੰਚੇ। ਪੁਲਸ ਵੱਲੋਂ ਫੌਰੀ ਕਾਰਵਾਈ ਕਰਦਿਆਂ ਜੇਲ੍ਹ ਅੰਦਰ ਪੈਦਾ ਹੋਈ ਅਵਿਵਸਥਾ ਨੂੰ ਕਾਬੂ ’ਚ ਲਿਆਂਦਾ ਗਿਆ ਅਤੇ ਦੋਹਾਂ ਧਿਰਾਂ ਨੂੰ ਵੱਖ ਕਰਕੇ ਹਾਲਾਤ ਨਾਰਮਲ ਬਣਾਏ ਗਏ।
ਸੁਰੱਖਿਆ ਪ੍ਰਬੰਧ ਹੋਰ ਕੜੇ
ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਜੇਲ੍ਹ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਹਰ ਗਤੀਵਿਧੀ ’ਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਬਾਰਾ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਪੂਰੀ ਤਰ੍ਹਾਂ ਕਾਬੂ ਹੇਠ ਸਥਿਤੀ: ਐੱਸ.ਐੱਸ.ਪੀ.
ਮੌਕੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਆਦਿੱਤਿਆ ਨੇ ਕਿਹਾ ਕਿ ਕੇਂਦਰੀ ਜੇਲ੍ਹ ਦੀ ਸਥਿਤੀ ਇਸ ਵੇਲੇ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਕੈਦੀ ਜਾਂ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅਮਨ-ਕਾਨੂੰਨ ਬਣਾਏ ਰੱਖਣ ’ਤੇ ਜ਼ੋਰ
ਐੱਸ.ਐੱਸ.ਪੀ. ਨੇ ਇਹ ਵੀ ਸਪਸ਼ਟ ਕੀਤਾ ਕਿ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਸ ਪੂਰੀ ਤਰ੍ਹਾਂ ਤਿਆਰ ਹੈ। ਜੇਲ੍ਹ ਅੰਦਰ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਰਾਤਫ਼ਰੀ ਨੂੰ ਤੁਰੰਤ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

