ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪਹੁੰਚੇ, ਜਿੱਥੇ ਉਹਨਾਂ ਕਈ ਮਹੱਤਵਪੂਰਨ ਕਾਰਜਾਂ ਵਿੱਚ ਹਿੱਸਾ ਲਿਆ। ਸਵੇਰੇ ਲਗਭਗ 11 ਵਜੇ ਸੀਐਮ ਮਾਨ ਸਰਹਿੰਦ ਰੇਲਵੇ ਸਟੇਸ਼ਨ ਉੱਤੇ ਪਹੁੰਚੇ ਅਤੇ ਯਾਤਰੀਆਂ ਨਾਲ ਮੁਲਾਕਾਤ ਕੀਤੀ।
ਮਹਿਲਾ ਪੰਚਾਂ-ਸਰਪੰਚਾਂ ਲਈ ਵਿਸ਼ੇਸ਼ ਰੇਲ
ਉਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਮੱਥਾ ਟੇਕ ਕੇ ਕੀਤੀ। ਇਸ ਤੋਂ ਬਾਅਦ ਉਹ ਸਰਹਿੰਦ ਰੇਲਵੇ ਸਟੇਸ਼ਨ ‘ਤੇ 500 ਮਹਿਲਾ ਪੰਚਾਂ ਅਤੇ ਸਰਪੰਚਾਂ ਨੂੰ ਲੈ ਕੇ ਮਹਾਰਾਸ਼ਟਰ ਸਥਿਤ ਸਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਪ੍ਰਸ਼ਿਕਸਨ ਲਈ ਜਾਣ ਵਾਲੀ ਖ਼ਾਸ ਰੇਲ ਨੂੰ ਹਰੀ ਝੰਡੀ ਦੇਣ ਪਹੁੰਚੇ।
ਸੀਐਮ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਹੈ, ਕਿਉਂਕਿ ਸਰਕਾਰ ਨੇ ਪੰਚਾਂ ਅਤੇ ਸਰਪੰਚਾਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਹੈ। ਸਭ ਤੋਂ ਪਹਿਲਾਂ ਉਹ ਸ੍ਰੀ ਹਜ਼ੂਰ ਸਾਹਿਬ ਵਿੱਚ ਮੱਥਾ ਟੇਕਣਗੇ ਅਤੇ ਫਿਰ ਮਹਾਰਾਸ਼ਟਰ ਵਿੱਚ ਉਨ੍ਹਾਂ ਨੂੰ ਪੰਚਾਇਤੀ ਜ਼ਿੰਮੇਵਾਰੀਆਂ ਬਾਰੇ ਸਿੱਖਿਆ ਦਿੱਤੀ ਜਾਵੇਗੀ। ਇਹ ਪ੍ਰਕਿਰਿਆ ਤਿੰਨ ਖ਼ਾਸ ਬੁੱਕ ਕੀਤੀਆਂ ਗੱਡੀਆਂ ਰਾਹੀਂ ਵੱਖ-ਵੱਖ ਬੈਚਾਂ ਵਿੱਚ ਕੀਤੀ ਜਾਵੇਗੀ।
ਅਸਲੀ ਆਜ਼ਾਦੀ ਰਿਸ਼ਵਤ ਖ਼ਤਮ ਹੋਣ ‘ਤੇ – ਮਾਨ
ਇਸ ਦੌਰਾਨ, ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਤਹਿਸੀਲਾਂ ਵਿੱਚ ਬਿਨਾ ਰਿਸ਼ਵਤ ਰਜਿਸਟਰੀ ਅਤੇ ਇੰਤਕਾਲ ਹੋਣਗੇ, ਅਤੇ ਥਾਣਿਆਂ ਵਿੱਚ ਗਰੀਬਾਂ ਦੀ ਸੁਣਵਾਈ ਬਿਨਾ ਰਿਸ਼ਵਤ ਦੇ ਹੋਵੇਗੀ, ਉਸ ਦਿਨ ਅਸੀਂ ਅਸਲੀ ਆਜ਼ਾਦੀ ਦਾ ਜਸ਼ਨ ਮਨਾਵਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਇਸ ਦਿਸ਼ਾ ਵਿੱਚ ਕਾਫ਼ੀ ਸੁਧਾਰ ਕੀਤੇ ਹਨ।
ਭਗਵੰਤ ਮਾਨ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਜਾਂ ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਨਾਲ ਕੋਈ ਰਹਿਮ ਨਹੀਂ ਕੀਤਾ ਜਾਵੇਗਾ ਅਤੇ ਉਹ ਕਾਨੂੰਨੀ ਸਜ਼ਾ ਤੋਂ ਨਹੀਂ ਬਚ ਸਕਣਗੇ। ਅਕਾਲੀ ਨੇਤਾ ਬਿਕਰਮ ਮਜੀਠੀਆ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੁਣ ਮਾਮਲਾ ਅਦਾਲਤ ਦਾ ਹੈ, ਵਕੀਲ ਵੀ ਵੱਡੇ ਲੱਗਣਗੇ, ਸਬੂਤ ਵੀ ਦਿੱਤੇ ਜਾਣਗੇ ਅਤੇ ਅੱਗੇ ਦਾ ਕੰਮ ਕਾਨੂੰਨ ਕਰੇਗਾ।
500 ਪੰਚਾਇਤ ਘਰਾਂ ਅਤੇ ਸੇਵਾ ਕੇਂਦਰਾਂ ਦਾ ਉਦਘਾਟਨ
ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਇ ਨੇ ਦੱਸਿਆ ਕਿ ਰੇਲ ਨੂੰ ਰਵਾਨਾ ਕਰਨ ਤੋਂ ਬਾਅਦ ਸੀਐਮ ਮਾਨ ਸਰਹਿੰਦ ਦੇ ਸੰਗਿਆਣਾ ਪੈਲੇਸ ਵਿੱਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਉਹ 500 ਨਵੇਂ ਪੰਚਾਇਤ ਘਰਾਂ ਅਤੇ ਸੇਵਾ ਕੇਂਦਰਾਂ ਦਾ ਵਰਚੁਅਲ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਵਿਧਾਇਕ ਨੇ ਕਿਹਾ ਕਿ ਇਹ ਕਦਮ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਏਗਾ, ਨਾਲ ਹੀ ਮਹਿਲਾ ਪੰਚਾਂ ਅਤੇ ਸਰਪੰਚਾਂ ਨੂੰ ਧਾਰਮਿਕ ਅਨੁਭਵ ਦੇ ਨਾਲ ਪ੍ਰਸ਼ਾਸਕੀ ਅਤੇ ਨੇਤ੍ਰਿਤਵ ਕੁਸ਼ਲਤਾ ਵਿੱਚ ਵੀ ਨਿੱਖਾਰ ਲਿਆਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪ੍ਰੋਗਰਾਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੀਆਂ ਤਿਆਰੀਆਂ ਮੁਕੰਮਲਹਨ।