ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨੀਦਰਲੈਂਡ ਅਤੇ ਚੈਕ ਗਣਰਾਜ ਜਾਣ ਦਾ ਤਜਵੀਜ਼ਸ਼ੁਦਾ ਵਿਦੇਸ਼ੀ ਦੌਰਾ ਇਸ ਵੇਲੇ ਅਣਸ਼ਚਿੱਤਤਾ ਦੇ ਘੇਰੇ ‘ਚ ਫਸ ਗਿਆ ਹੈ। ਕਾਰਨ ਇਹ ਹੈ ਕਿ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਹਾਲੇ ਤੱਕ ਇਸ ਯਾਤਰਾ ਲਈ ਲੋੜੀਂਦੀ ਰਾਜਨੀਤਕ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਨਾਲ ਸਾਰਾ ਪ੍ਰੋਗਰਾਮ ਅਟਕ ਗਿਆ ਹੈ।
ਨਿਵੇਸ਼ ਲਈ ਜਾਣਾ ਸੀ ਵਿਦੇਸ਼, ਪਰ ਰੁਕ ਗਿਆ ਰਸਤਾ
ਮੁੱਖ ਮੰਤਰੀ ਮਾਨ ਇੱਕ ਹਫ਼ਤੇ ਦੇ ਯੂਰਪੀ ਦੌਰੇ ਦੌਰਾਨ ਨੀਦਰਲੈਂਡ ਅਤੇ ਚੈਕ ਗਣਰਾਜ ‘ਚ ਉਦਯੋਗਿਕ ਸੰਸਥਾਵਾਂ ਅਤੇ ਕਾਰੋਬਾਰੀ ਘਰਾਣਿਆਂ ਨਾਲ ਮੁਲਾਕਾਤਾਂ ਕਰਕੇ ਪੰਜਾਬ ‘ਚ ਨਿਵੇਸ਼ ਲਿਆਉਣ ਦੀ ਯੋਜਨਾ ਬਣਾ ਰਹੇ ਸਨ। ਇਸ ਮਕਸਦ ਲਈ ਉਹ ਲਗਭਗ 25 ਮੈਂਬਰੀ ਵਫ਼ਦ ਦੀ ਅਗਵਾਈ ਕਰਨੇ ਸਨ।
ਮੀਟਿੰਗਾਂ ਤੈਅ, ਪਰ ਦੌਰਾ ਅਟਕਿਆ
ਸਰਕਾਰੀ ਸੂਤਰਾਂ ਮੁਤਾਬਕ ਨੀਦਰਲੈਂਡ ‘ਚ ਭਾਰਤੀ ਦੂਤਾਵਾਸ ਵੱਲੋਂ ਉੱਥਲੇ ਵੱਡੇ ਉਦਯੋਗਪਤੀਆਂ ਨਾਲ ਮੁੱਖ ਮੰਤਰੀ ਦੀਆਂ ਮੀਟਿੰਗਾਂ ਦਾ ਸ਼ਡਿਊਲ ਵੀ ਤਿਆਰ ਕੀਤਾ ਜਾ ਚੁੱਕਾ ਸੀ। ਪਰ ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਕਰਕੇ ਹੁਣ ਇਹ ਸਾਰੀਆਂ ਤਿਆਰੀਆਂ ਅਧੂਰੀਆਂ ਹੀ ਰਹਿ ਗਈਆਂ ਹਨ।
ਇਹ ਪਹਿਲੀ ਵਾਰ ਨਹੀਂ
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਵਿਦੇਸ਼ੀ ਦੌਰੇ ‘ਚ ਰੁਕਾਵਟ ਆਉਣੀ ਕੋਈ ਨਵੀਂ ਗੱਲ ਨਹੀਂ। ਇਸ ਤੋਂ ਪਹਿਲਾਂ ਵੀ ਇਸੇ ਸਾਲ ਜਨਵਰੀ ਮਹੀਨੇ ਦੌਰਾਨ ਭਗਵੰਤ ਮਾਨ ਦੇ ਬ੍ਰਿਟੇਨ ਅਤੇ ਇਜ਼ਰਾਈਲ ਜਾਣ ਦੇ ਪ੍ਰੋਗਰਾਮ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਮਨਜ਼ੂਰੀ ਨਹੀਂ ਮਿਲੀ ਸੀ।
ਉਦਯੋਗ ਮੰਤਰੀ ਵੀ ਜਾਣੇ ਸਨ ਨਾਲ
ਇਸ ਯੂਰਪੀ ਦੌਰੇ ਦੌਰਾਨ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਦਾ ਵੀ ਮੁੱਖ ਮੰਤਰੀ ਦੇ ਨਾਲ ਜਾਣ ਦਾ ਪ੍ਰੋਗਰਾਮ ਸੀ। ਹੁਣ ਸਾਰੀਆਂ ਨਜ਼ਰਾਂ ਕੇਂਦਰ ਦੇ ਫੈਸਲੇ ‘ਤੇ ਟਿਕੀਆਂ ਹਨ ਕਿ ਮਨਜ਼ੂਰੀ ਮਿਲਦੀ ਹੈ ਜਾਂ ਦੌਰਾ ਮੁੜ ਟਲ ਜਾਂਦਾ ਹੈ।

