ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੱਦੇ ’ਤੇ ਪੰਥ ਨਾਲ ਜੁੜੇ ਕੁਝ ਮਸਲਿਆਂ ਬਾਰੇ ਆਪਣਾ ਪੱਖ ਰੱਖਣ ਲਈ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚਣਗੇ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਸਵੇਰੇ ਕਰੀਬ 11 ਤੋਂ 11.30 ਵਜੇ ਦੇ ਦਰਮਿਆਨ ਸਕੱਤਰੇਤ ਵਿਖੇ ਹਾਜ਼ਰੀ ਲਗਾ ਸਕਦੇ ਹਨ।
ਮੁਲਾਕਾਤ ਦੇ ਸਮੇਂ ਬਾਰੇ ਤਸਵੀਰ ਅਜੇ ਧੁੰਦਲੀ
ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁੱਖ ਮੰਤਰੀ ਦੀ ਸਿੱਧੀ ਮੁਲਾਕਾਤ ਕਿਸ ਸਮੇਂ ਹੋਵੇਗੀ। ਸਕੱਤਰੇਤ ਨਾਲ ਜੁੜੇ ਸੂਤਰਾਂ ਅਨੁਸਾਰ ਮੁਲਾਕਾਤ ਦਾ ਸਮਾਂ ਜਥੇਦਾਰ ਸਾਹਿਬ ਦੀ ਅੰਮ੍ਰਿਤਸਰ ਵਾਪਸੀ ਤੋਂ ਬਾਅਦ ਹੀ ਤੈਅ ਹੋ ਸਕੇਗਾ।
ਸੱਦੇ ਦੇ ਸਮੇਂ ’ਚ ਆਇਆ ਬਦਲਾਅ
ਗੌਰਤਲਬ ਹੈ ਕਿ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਪਹਿਲਾਂ ਮੁੱਖ ਮੰਤਰੀ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਸੂਚਿਤ ਕੀਤਾ ਗਿਆ ਸੀ। ਬਾਅਦ ਵਿੱਚ ਨਵਾਂ ਪੱਤਰ ਜਾਰੀ ਕਰਕੇ ਸਪੱਸ਼ਟੀਕਰਨ ਦੇਣ ਦਾ ਸਮਾਂ ਸ਼ਾਮ 4.30 ਵਜੇ ਦਰਜ ਕਰ ਦਿੱਤਾ ਗਿਆ। ਇਸ ਤਬਦੀਲੀ ਤੋਂ ਬਾਅਦ ਦਿਨ ਭਰ ਮੁਲਾਕਾਤ ਦੇ ਸਮੇਂ ਨੂੰ ਲੈ ਕੇ ਅਣਸ਼ਚਿੱਤਤਾ ਬਣੀ ਰਹੀ।
ਅਨੰਦਪੁਰ ਸਾਹਿਬ ਤੋਂ ਵਾਪਸੀ ਬਾਅਦ ਸੰਭਾਵਿਤ ਭੇਟ
ਇਹ ਵੀ ਸਮਝਿਆ ਜਾ ਰਿਹਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ, ਜੋ ਬੀਤੇ ਦਿਨਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਧਾਰਮਿਕ ਕਾਰਜਕ੍ਰਮਾਂ ਲਈ ਗਏ ਹੋਏ ਸਨ, ਉਨ੍ਹਾਂ ਦੀ ਅੰਮ੍ਰਿਤਸਰ ਵਾਪਸੀ ਤੋਂ ਬਾਅਦ ਹੀ ਦੁਪਹਿਰ ਸਮੇਂ ਮੁੱਖ ਮੰਤਰੀ ਨਾਲ ਭੇਟ ਸੰਭਵ ਹੋਵੇਗੀ। ਇਸ ਪੂਰੇ ਮਾਮਲੇ ’ਤੇ ਪੰਥਕ ਤੇ ਰਾਜਨੀਤਕ ਹਲਕਿਆਂ ਦੀ ਨਿਗਾਹ ਟਿਕੀ ਹੋਈ ਹੈ।

