ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲ ਹੀ ਵਿੱਚ ਮੋਹਾਲੀ ਸਥਿਤ ਫੋਰਟਿਸ ਹਸਪਤਾਲ ਵਿੱਚ ਰੂਟੀਨ ਤਬੀਬੀ ਜਾਂਚ ਲਈ ਪਹੁੰਚੇ ਸਨ। ਹਸਪਤਾਲ ਪ੍ਰਬੰਧਨ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਅਨੁਸਾਰ ਉਨ੍ਹਾਂ ਦੀਆਂ ਕਲੀਨਿਕਲ ਅਤੇ ਡਾਇਗੋਨਸਟਿਕ ਜਾਂਚਾਂ ਕੀਤੀਆਂ ਗਈਆਂ ਹਨ ਅਤੇ ਸਾਰੇ ਟੈਸਟ ਨਤੀਜੇ ਆਮ ਹੱਦਾਂ ਅੰਦਰ ਪਾਏ ਗਏ ਹਨ। ਡਾਕਟਰਾਂ ਮੁਤਾਬਕ ਉਹ ਇਸ ਵੇਲੇ ਹਲਕੀ ਥਕਾਵਟ ਮਹਿਸੂਸ ਕਰ ਰਹੇ ਹਨ ਅਤੇ ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਸੰਭਾਵਨਾ ਹੈ ਕਿ ਉਨ੍ਹਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਸਿਹਤ ਕਾਰਨ ਮੋਗਾ ਰੈਲੀ ਵਿੱਚ ਨਹੀਂ ਹੋ ਸਕਣਗੇ ਸ਼ਾਮਲ
ਤਬੀਅਤ ਨਾਸਾਜ਼ ਹੋਣ ਕਰਕੇ ਮੁੱਖ ਮੰਤਰੀ ਮਾਨ ਅੱਜ ਮੋਗਾ ਵਿੱਚ ਆਯੋਜਿਤ ਹੋ ਰਹੀ ਪਾਰਟੀ ਰੈਲੀ ਵਿੱਚ ਹਾਜ਼ਰੀ ਨਹੀਂ ਲਗਾ ਸਕਣਗੇ। ਪਾਰਟੀ ਵੱਲੋਂ ਜਾਰੀ ਤਾਜ਼ਾ ਕਾਰਜਕ੍ਰਮ ਅਨੁਸਾਰ ਉਨ੍ਹਾਂ ਦੀ ਥਾਂ ਰੈਲੀ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ।
ਪਾਰਟੀ ਦੇ ਸੀਨੀਅਰ ਆਗੂ ਵੀ ਰਹਿਣਗੇ ਮੌਜੂਦ
ਮੋਗਾ ਵਿੱਚ ਹੋਣ ਵਾਲੇ ਸਮਾਗਮ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਸ਼ਿਰਕਤ ਕਰਨਗੇ। ਪਾਰਟੀ ਆਗੂਆਂ ਮੁਤਾਬਕ ਰੈਲੀ ਦੌਰਾਨ ਸਰਕਾਰ ਦੀਆਂ ਉਪਲਬਧੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

