ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਨਾਲ ਤਬਾਹੀ ਦਾ ਸ਼ਿਕਾਰ ਹੋਏ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਪਹਿਲਾਂ ਉਨ੍ਹਾਂ ਨੇ ਬਿਆਸ ਦਰਿਆ ਦੀ ਸਥਿਤੀ ਵੇਖੀ ਅਤੇ ਉਸ ਤੋਂ ਬਾਅਦ ਰਾਵੀ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵੱਲ ਰਵਾਨਾ ਹੋਏ।
“ਹਰ ਪ੍ਰਭਾਵਿਤ ਪਰਿਵਾਰ ਨੂੰ ਮਿਲੇਗੀ ਸਰਕਾਰੀ ਸਹਾਇਤਾ”
ਮਾਨ ਨੇ ਭਰੋਸਾ ਦਵਾਇਆ ਕਿ ਹੜ੍ਹ ਨਾਲ ਪ੍ਰਭਾਵਿਤ ਹਰ ਵਿਅਕਤੀ ਨੂੰ ਸਰਕਾਰੀ ਯੋਜਨਾਵਾਂ ਰਾਹੀਂ ਪੂਰੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ‘ਤੇ ਕਿਸੇ ਦਾ ਬੱਸ ਨਹੀਂ, ਪਰ ਪੰਜਾਬ ਸਰਕਾਰ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਹੈ।
ਹੈਲੀਕਾਪਟਰ ਲੋਕਾਂ ਦੇ ਨਾਮ
ਮਾਨ ਨੇ ਪੁਰਾਣੀਆਂ ਸਰਕਾਰਾਂ ‘ਤੇ ਤੰਜ਼ ਕਰਦਿਆਂ ਕਿਹਾ ਕਿ ਉਹ ਹੈਲੀਕਾਪਟਰ ਨੂੰ ਸ਼ਾਨ-ਸ਼ੌਕਤ ਨਹੀਂ, ਸੇਵਾ ਲਈ ਵਰਤ ਰਹੇ ਹਨ। “ਇਹ ਹੈਲੀਕਾਪਟਰ ਉਹਨਾਂ ਲੋਕਾਂ ਦਾ ਹੈ, ਜਿਨ੍ਹਾਂ ਨੇ ਸਾਨੂੰ 92 ਸੀਟਾਂ ਦੇ ਕੇ ਭਰੋਸਾ ਜਤਾਇਆ। ਅੱਜ ਇਹ ਉਹਨਾਂ ਦੇ ਕੰਮ ਆ ਰਿਹਾ ਹੈ ਜੋ ਹੜ੍ਹ ਕਾਰਨ ਪਰੇਸ਼ਾਨ ਹਨ,” ਮਾਨ ਨੇ ਕਿਹਾ।
“ਮੈਂ ਨੇਤਾ ਨਹੀਂ, ਸੇਵਕ ਹਾਂ”
ਮੁੱਖ ਮੰਤਰੀ ਨੇ ਕਿਹਾ ਕਿ ਉਹ ਉਹਨਾਂ ਨੇਤਾਵਾਂ ਵਾਂਗ ਨਹੀਂ ਜੋ ਸਿਰਫ਼ ਹੈਲੀਕਾਪਟਰ ਵਿੱਚ ਬੈਠ ਕੇ ਤਸਵੀਰਾਂ ਖਿੱਚਾਉਂਦੇ ਹਨ। “ਮੈਂ ਇੱਕ ਆਮ ਆਦਮੀ ਹਾਂ, ਲੋਕਾਂ ਨਾਲ ਖੜ੍ਹਾ ਹਾਂ ਅਤੇ ਉਹਨਾਂ ਦੀ ਸੇਵਾ ਲਈ ਮੈਦਾਨ ਵਿੱਚ ਉਤਰਿਆ ਹਾਂ,” ਉਨ੍ਹਾਂ ਦੱਸਿਆ।