ਚੰਡੀਗੜ੍ਹ :- ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਲਗਭਗ ਤਿੰਨ ਸਾਲ ਹੋਣ ਨੂੰ ਆ ਰਹੇ ਹਨ ਪਰ ਉਸਦਾ ਪਰਿਵਾਰ ਅਜੇ ਵੀ ਇਸ ਘਾਟੇ ਨੂੰ ਨਹੀਂ ਭੁੱਲ ਸਕਿਆ। ਇਸੇ ਦਰਮਿਆਨ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਪੁੱਤ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਦਿਲ ਦੀ ਗਹਿਰਾਈਆਂ ਨਾਲ ਭਾਵ ਪ੍ਰਗਟ ਕੀਤੇ ਹਨ।
ਚਰਨ ਕੌਰ ਨੇ ਲਿਖਿਆ ਕਿ, “ਪੁੱਤ, ਤੇਰੀ ਮਾਂ ਹੋਣ ਦੇ ਨਾਤੇ ਮੇਰਾ ਦਿਲ ਹਰ ਰੋਜ਼ ਟੁੱਟਦਾ ਹੈ। ਜਦੋਂ ਤੂੰ ਮੇਰੇ ਕੋਲੋਂ ਵਿਛੁੜਿਆ, ਉਸ ਦਿਨ ਤੋਂ ਮੇਰੀ ਜ਼ਿੰਦਗੀ ਦੀ ਹਰ ਖੁਸ਼ੀ ਖ਼ਤਮ ਹੋ ਗਈ। ਸਾਨੂੰ ਕੁਝ ਵੀ ਨਹੀਂ ਚਾਹੀਦਾ ਸੀ, ਸਿਰਫ਼ ਇਹੀ ਇੱਛਾ ਰਹੀ ਕਿ ਤੇਰੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਤੇਰੇ ਲਈ ਪਿਆਰ ਅਤੇ ਸਤਿਕਾਰ ਹਮੇਸ਼ਾ ਕਾਇਮ ਰਹੇ।”
ਮਿਹਨਤ ਦੇ ਫਲ ਲਈ ਵੀ ਦੇਣੀ ਪੈ ਰਹੀ ਜਵਾਬਦੇਹੀ
ਉਨ੍ਹਾਂ ਅੱਗੇ ਲਿਖਿਆ ਕਿ ਪਰਿਵਾਰ ਨੇ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਕਿ ਪੁੱਤ ਦੀ ਆਵਾਜ਼ ਤੇ ਉਸਦੀ ਕਲਾ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਉਂਦੀ ਰਹੇ। ਪਰ ਕਿਸਮਤ ਨੇ ਇਹ ਵੀ ਬਰਦਾਸ਼ਤ ਨਾ ਕੀਤਾ ਅਤੇ ਹੁਣ ਉਨ੍ਹਾਂ ਨੂੰ ਪੁੱਤ ਦੀ ਮਿਹਨਤ ਅਤੇ ਉਸਦੇ ਮੁਕਾਮ ਲਈ ਵੀ ਜਵਾਬਦੇਹੀ ਦੇਣੀ ਪੈ ਰਹੀ ਹੈ।
ਚਰਨ ਕੌਰ ਨੇ ਆਪਣੇ ਪੁਰਾਣੇ ਦਿਨ ਯਾਦ ਕਰਦਿਆਂ ਲਿਖਿਆ ਕਿ ਜਦੋਂ ਸਿੱਧੂ ਬਚਪਨ ਵਿੱਚ ਉਨ੍ਹਾਂ ਨਾਲ ਭਵਿੱਖ ਬਾਰੇ ਗੱਲਾਂ ਕਰਦਾ ਸੀ, ਉਸ ਵੇਲੇ ਕਦੇ ਸੋਚਿਆ ਵੀ ਨਹੀਂ ਸੀ ਕਿ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਦੁਸ਼ਮਣ ਉਸਦੇ ਮੁਕਾਮ ਨਾਲ ਹੀ ਖ਼ਤਰਾ ਮਹਿਸੂਸ ਕਰਨ ਲੱਗ ਪੈਣਗੇ।
ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਹੱਤਿਆ ਮਗਰੋਂ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼ ਤੇ ਵਿਦੇਸ਼ ਵਿਚ ਵੀ ਉਸਦੇ ਪ੍ਰਸ਼ੰਸਕ ਇਨਸਾਫ ਦੀ ਮੰਗ ਕਰ ਰਹੇ ਹਨ। ਪਰਿਵਾਰ ਵੱਲੋਂ ਵੀ ਵਾਰ-ਵਾਰ ਨਿਆਇਕ ਜਾਂਚ ਦੀ ਮੰਗ ਕੀਤੀ ਗਈ ਹੈ। ਹੁਣ ਮਾਂ ਚਰਨ ਕੌਰ ਦੀ ਇਸ ਪੋਸਟ ਨੇ ਇਕ ਵਾਰ ਫਿਰ ਉਸਦੇ ਚਾਹੁਣ ਵਾਲਿਆਂ ਨੂੰ ਗਹਿਰਾਈ ਨਾਲ ਝੰਝੋੜ ਦਿੱਤਾ ਹੈ।