ਚੰਡੀਗੜ੍ਹ :- ਰਿਸ਼ਵਤਖੋਰੀ ਮਾਮਲੇ ਵਿੱਚ ਗ੍ਰਿਫ਼ਤਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖ਼ਿਲਾਫ ਸੀਬੀਆਈ ਜਾਂਚ ਹੋਰ ਸਖ਼ਤ ਹੋ ਗਈ ਹੈ। ਜਾਂਚ ਏਜੰਸੀ ਵੱਲੋਂ ਲਗਾਤਾਰ ਦੂਜੇ ਦਿਨ ਵੀ ਛਾਪੇਮਾਰੀ ਕੀਤੀ ਗਈ ਅਤੇ ਜਾਂਚ ਦੀ ਦਿਸ਼ਾ ਹੁਣ ਆਮਦਨ ਤੋਂ ਵੱਧ ਸੰਪਤੀ ਵੱਲ ਵਧਦੀ ਦਿਖ ਰਹੀ ਹੈ।
ਮਾਛੀਵਾੜਾ ‘ਚ 65 ਏਕੜ ਫਾਰਮ ਹਾਊਸ ‘ਤੇ ਛਾਪਾਮਾਰੀ
ਸੀਬੀਆਈ ਟੀਮ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਹਿੱਸੇ ਵਿੱਚ ਸਥਿਤ ਮੰਡ ਸ਼ੇਰੀਆ ਪਿੰਡ ਪਹੁੰਚੀ, ਜਿੱਥੇ ਡੀਆਈਜੀ ਭੁੱਲਰ ਦਾ ਲਗਭਗ 65 ਏਕੜ ‘ਚ ਫਾਰਮ ਹਾਊਸ ਹੈ। ਟੀਮ ਵੱਲੋਂ ਜ਼ਮੀਨ ਦੇ ਰਿਕਾਰਡ, ਖ਼ਰੀਦ ਵੇਲੇ ਤੋਂ ਸੰਬੰਧਤ ਦਸਤਾਵੇਜ਼ ਅਤੇ ਮਲਕੀਅਤ ਦੇ ਸਬੂਤਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਹਵੇਲੀ ਤੋਂ ਬਾਅਦ ਫਾਰਮ ਹਾਊਸ ਵੀ ਰਡਾਰ ‘ਤੇ
ਵੀਰਵਾਰ ਨੂੰ ਚੰਡੀਗੜ੍ਹ ਸੈਕਟਰ-40 ‘ਚ ਉਸਦੀ ਰਹਾਇਸ਼ਗਾਹ ‘ਤੇ ਲਗਭਗ ਨੌਂ ਘੰਟੇ ਰੇਡ ਚੱਲੀ ਸੀ, ਜਿੱਥੇ ਘਰ ਦੀ ਹਰ ਚੀਜ਼ ਦੀ ਵੀਡੀਓਗ੍ਰਾਫੀ ਅਤੇ ਸੂਚੀਬੱਧੀ ਕੀਤੀ ਗਈ। ਏਸੀ, ਫਰਨੀਚਰ ਤੋਂ ਲੈ ਕੇ ਗਮਲਿਆਂ ਅਤੇ ਲਾਈਟ ਬਲਬ ਤੱਕ ਸਭ ਕੁਝ ਕੈਟਾਲੌਗ ਕੀਤਾ ਗਿਆ। ਹੁਣ ਇਸ ਸਭ ਦੀ ਕੀਮਤ ਮੁਲਾਂਕਣ ਲਈ ਤੈਅ ਕੀਤੀ ਜਾ ਰਹੀ ਹੈ।
ਸੀਬੀਆਈ ਨੇ ਪੁੱਛਗਿੱਛ ਦੇ ਬਿਆਨਾਂ ਨੂੰ ਵੀ ਕੀਤਾ ਰਿਕਾਰਡ
ਜਾਂਚ ਏਜੰਸੀ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਪੁੱਛਗਿੱਛ ਵੀ ਕੀਤੀ ਗਈ। ਹਰੇਕ ਜਵਾਬ ਲੈਪਟਾਪ ਉੱਤੇ ਰਿਕਾਰਡ ਕੀਤਾ ਗਿਆ ਤੇ ਇਸਦੀ ਵੀਡੀਓਗ੍ਰਾਫੀ ਵੀ ਹੋਈ। ਬਾਅਦ ‘ਚ ਬਿਆਨਾਂ ‘ਤੇ ਦਸਤਖ਼ਤ ਵੀ ਕਰਵਾਏ ਗਏ।
2.16 ਲੱਖ ਮਾਸਿਕ ਤਨਖਾਹ, ਪਰ ਸੰਪਤੀ 15 ਕਰੋੜ ਤੋਂ ਵੱਧ
ਡੀਆਈਜੀ ਭੁੱਲਰ ਦੀ ਮਾਸਿਕ ਤਨਖਾਹ ਤਕਰੀਬਨ 2.16 ਲੱਖ ਰੁਪਏ ਦੱਸੀ ਜਾਂਦੀ ਹੈ, ਪਰ ਉਹ ਲੁਧਿਆਣਾ, ਮੋਹਾਲੀ, ਜਲੰਧਰ ਅਤੇ ਕਪੂਰਥਲਾ ਵਰਗਿਆਂ ਏ-ਗ੍ਰੇਡ ਸ਼ਹਿਰਾਂ ਵਿੱਚ ਮਹਿੰਗੀਆਂ ਸੰਪਤੀਆਂ ਦੇ ਮਾਲਕ ਹਨ। ਇਹਨਾਂ ਦੀ ਕੁੱਲ ਕੀਮਤ 15 ਕਰੋੜ ਰੁਪਏ ਤੋਂ ਵੱਧ ਆਕੀ ਜਾ ਰਹੀ ਹੈ। ਹੁਣ ਸੀਬੀਆਈ ਇਹ ਜਾਂਚਣ ਵਿੱਚ ਜੁਟੀ ਹੈ ਕਿ ਇਹ ਪੈਸਾ ਅਸਲ ਵਿੱਚ ਆਇਆ ਕਿੱਥੋਂ।
ਰਿਮਾਂਡ ਦੀ ਸੰਭਾਵਨਾ ਅਤੇ ਨਵਾਂ ਕੇਸ ਦਰਜ ਹੋਣ ਦਾ ਅਸਾਰ
ਸੀਬੀਆਈ ਸਰੋਤ ਦੱਸ ਰਹੇ ਹਨ ਕਿ ਏਜੰਸੀ ਕਿਸੇ ਵੀ ਵੇਲੇ ਉਸਨੂੰ ਰਿਮਾਂਡ ‘ਤੇ ਲੈ ਸਕਦੀ ਹੈ। ਇਸਦੇ ਨਾਲ ਹੀ ਆਮਦਨ ਤੋਂ ਵੱਧ ਜਾਇਦਾਦ ਵਾਲਾ ਵੱਖਰਾ ਕੇਸ ਰਜਿਸਟਰ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਧਿਆਨਯੋਗ ਹੈ ਕਿ ਭੁੱਲਰ ਦੀ ਰਿਟਾਇਰਮੈਂਟ ‘ਚ ਹਾਲੇ ਦੋ ਸਾਲ ਬਾਕੀ ਹਨ।

