ਚੰਡੀਗੜ੍ਹ :- ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਰਾਹਤ ਦਿਵਾਉਣ ਲਈ ਇਕ ਅਹਿਮ ਫੈਸਲਾ ਲਿਆ ਹੈ। 15 ਜਨਵਰੀ ਤੋਂ ਪੰਜਾਬ ‘ਚ “ਮੁੱਖ ਮੰਤਰੀ ਸਿਹਤ ਬੀਮਾ ਯੋਜਨਾ” ਲਾਗੂ ਕੀਤੀ ਜਾ ਰਹੀ ਹੈ, ਜਿਸ ਤਹਿਤ ਹਰ ਯੋਗ ਪਰਿਵਾਰ ਨੂੰ ਸਾਲਾਨਾ ₹10 ਲੱਖ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
15 ਜਨਵਰੀ ਨੂੰ ਹੋਵੇਗੀ ਯੋਜਨਾ ਦੀ ਸ਼ੁਰੂਆਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਦੀ ਰਸਮੀ ਸ਼ੁਰੂਆਤ 15 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ। ਯੋਜਨਾ ਲਈ ਪੰਜਾਬ ਸਰਕਾਰ ਨੇ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਨਾਲ ਸਮਝੌਤਾ ਕੀਤਾ ਹੈ।
ਸਰਕਾਰੀ ਤੇ ਨਿੱਜੀ ਹਸਪਤਾਲ ਵੀ ਸ਼ਾਮਲ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਭਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਸ ਯੋਜਨਾ ਨਾਲ ਜੋੜਨ ਦੀ ਪ੍ਰਕਿਰਿਆ ਅੰਤਿਮ ਪੜਾਅ ‘ਚ ਹੈ, ਤਾਂ ਜੋ ਲੋਕਾਂ ਨੂੰ ਕੈਸ਼ਲੈੱਸ ਇਲਾਜ ਦੀ ਪੂਰੀ ਸੁਵਿਧਾ ਮਿਲ ਸਕੇ।
3–4 ਮਹੀਨਿਆਂ ‘ਚ ਸਭ ਨੂੰ ਜੋੜਨ ਦਾ ਟਾਰਗੇਟ
ਸਿਹਤ ਮੰਤਰੀ ਮੁਤਾਬਕ ਸਰਕਾਰ ਦਾ ਟੀਚਾ ਹੈ ਕਿ ਯੋਜਨਾ ਦੀ ਸ਼ੁਰੂਆਤ ਤੋਂ 3 ਤੋਂ 4 ਮਹੀਨਿਆਂ ਦੇ ਅੰਦਰ-ਅੰਦਰ ਸਾਰੇ ਯੋਗ ਨਿਵਾਸੀਆਂ ਨੂੰ ਇਸ ਨਾਲ ਜੋੜਿਆ ਜਾਵੇ। ਇਸ ਲਈ ਸੂਬੇ ‘ਚ ਲਗਭਗ 9 ਹਜ਼ਾਰ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ।
ਯੋਗਤਾ ਦੀ ਪ੍ਰਕਿਰਿਆ ਸਧਾਰਣ
ਯੋਜਨਾ ਅਧੀਨ ਲਾਭ ਲੈਣ ਲਈ ਅਰਜ਼ੀਕਾਰ ਦਾ
– ਪੰਜਾਬ ਦਾ ਨਿਵਾਸੀ ਹੋਣਾ,
– ਆਧਾਰ ਕਾਰਡ ਅਤੇ
– ਵੋਟਰ ਆਈ.ਡੀ. ਕਾਰਡ ਹੋਣਾ ਲਾਜ਼ਮੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ‘ਚ ਕੋਈ ਵੀ ਪਰਿਵਾਰ ਸਿਰਫ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਇਹ ਯੋਜਨਾ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤੀ ਦੇਣ ਵੱਲ ਇਕ ਵੱਡਾ ਕਦਮ ਸਾਬਤ ਹੋਵੇਗੀ।

