ਮੋਗਾ :- ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਵਿੱਚ ਉਸ ਵੇਲੇ ਅਫ਼ਰਾਤਫ਼ਰੀ ਮਚ ਗਈ ਜਦੋਂ ਇੱਕ ਨਿੱਜੀ ਸੁਰੱਖਿਆ ਗਾਰਡ ਦੀ ਰਾਈਫਲ ਵਿੱਚੋਂ ਅਚਾਨਕ ਗੋਲੀ ਚੱਲ ਗਈ। ਇਸ ਘਟਨਾ ਵਿੱਚ ਨੇੜੇ ਮੌਜੂਦ ਤਿੰਨ ਸਾਲ ਦਾ ਮਾਸੂਮ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਗੋਲੀ ਬੱਚੇ ਦੇ ਪੱਟ ਵਿੱਚ ਲੱਗੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਘਬਰਾਹਟ ਪੈਦਾ ਹੋ ਗਈ।
ਜ਼ਖਮੀ ਬੱਚੇ ਦਾ ਹਸਪਤਾਲ ਵਿੱਚ ਇਲਾਜ ਜਾਰੀ
ਘਟਨਾ ਤੋਂ ਤੁਰੰਤ ਬਾਅਦ ਬੱਚੇ ਨੂੰ ਇਲਾਜ ਲਈ ਮੇਡੀਸਿਟੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਸਰੋਤਾਂ ਮੁਤਾਬਕ ਬੱਚੇ ਦੀ ਹਾਲਤ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਘਰ ‘ਚ ਤੈਨਾਤ ਗਾਰਡ ਦੀ ਰਾਈਫਲ ਤੋਂ ਚੱਲੀ ਗੋਲੀ
ਮਿਲੀ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਨੇ ਸੁਰੱਖਿਆ ਲਈ ਇੱਕ ਨਿੱਜੀ ਗਾਰਡ ਤੈਨਾਤ ਕੀਤਾ ਹੋਇਆ ਸੀ, ਜਿਸ ਕੋਲ ਰਾਈਫਲ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਜਾਣੇ ਕਾਰਨ ਕਾਰਨ ਰਾਈਫਲ ਵਿੱਚੋਂ ਗੋਲੀ ਚੱਲ ਗਈ ਜੋ ਉੱਥੇ ਖੇਡ ਰਹੇ ਬੱਚੇ ਨੂੰ ਲੱਗ ਗਈ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪੁਲਿਸ ਜਾਂਚ ‘ਚ ਜੁਟੀ, ਗਾਰਡ ਦੀ ਤਲਾਸ਼ ਜਾਰੀ
ਘਟਨਾ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਗਾਰਡ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਫਰਾਰ ਗਾਰਡ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੂਰੀ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸਕੂਲ ਤੋਂ ਪੇਪਰ ਦੇ ਕੇ ਘਰ ਆਇਆ ਸੀ ਬੱਚਾ
ਪਤਾ ਲੱਗਿਆ ਹੈ ਕਿ ਜ਼ਖਮੀ ਬੱਚਾ ਨਰਸਰੀ ਕਲਾਸ ਦਾ ਵਿਦਿਆਰਥੀ ਹੈ ਅਤੇ ਉਹ ਉਸ ਦਿਨ ਸਕੂਲ ਵਿੱਚ ਪੇਪਰ ਦੇ ਕੇ ਘਰ ਵਾਪਸ ਆਇਆ ਸੀ। ਕੁਝ ਸਮੇਂ ਬਾਅਦ ਹੀ ਇਹ ਦੁੱਖਦਾਈ ਹਾਦਸਾ ਵਾਪਰ ਗਿਆ। ਇਸ ਮਾਮਲੇ ਸਬੰਧੀ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਫਿਲਹਾਲ ਕੋਈ ਬਿਆਨ ਦੇਣ ਤੋਂ ਇਨਕਾਰ ਕੀਤਾ ਹੈ।