ਲੁਧਿਆਣਾ :- ਲੁਧਿਆਣਾ ਵਿੱਚ ਮਨੁੱਖੀ ਤਸਕਰੀ ਨਾਲ ਜੁੜਿਆ ਇੱਕ ਚੌਕਾਂਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੀਐਮਸੀ ਚੌਕ ਦੇ ਕਰੀਬ ਇੱਕ ਪਾਰਕ ਵਿੱਚ ਨਵਜੰਮੇ ਬੱਚੇ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਗਿਰੋਹ ਨੂੰ ਸਥਾਨਕ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰਵਾ ਦਿੱਤਾ। ਬੱਚਾ ਲਗਾਤਾਰ ਰੋ ਰਿਹਾ ਸੀ ਅਤੇ ਉਸਨੂੰ ਗੋਦ ਵਿੱਚ ਫੜੀ ਬੈਠੀ ਔਰਤ ਉਸਨੂੰ ਚੁੱਪ ਕਰਵਾਉਣ ਵਿੱਚ ਅਸਫਲ ਰਹੀ, ਜਿਸ ਕਾਰਨ ਉਥੇ ਮੌਜੂਦ ਲੋਕਾਂ ਨੂੰ ਸ਼ੱਕ ਹੋਇਆ।
ਜਦੋਂ ਲੋਕਾਂ ਨੇ ਪੁੱਛਗਿੱਛ ਕੀਤੀ ਤਾਂ ਔਰਤ ਨੇ ਕਬੂਲਿਆ ਕਿ ਉਸਨੇ ਬੱਚੇ ਨੂੰ ₹2 ਲੱਖ 10 ਹਜ਼ਾਰ ਵਿੱਚ ਖਰੀਦਣ ਦੀ ਸਹਿਮਤੀ ਦਿੱਤੀ ਹੈ। ਮਾਮਲੇ ਦੀ ਸੂਚਨਾ ਤੁਰੰਤ ਡਿਵੀਜ਼ਨ ਨੰਬਰ 3 ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ।
ਮੋਗਾ ਤੋਂ ਬੱਚਾ ਲੈਣ ਆਈ ਸੀ ਖਰੀਦਦਾਰ
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਬੱਚਾ ਖਰੀਦਣ ਆਈ ਔਰਤ ਖਾਸ ਤੌਰ ‘ਤੇ ਮੋਗਾ ਤੋਂ ਲੁਧਿਆਣਾ ਪਹੁੰਚੀ ਸੀ। ਉਸਨੇ ਦੱਸਿਆ ਕਿ ਸੌਦੇ ਅਨੁਸਾਰ ₹1.50 ਲੱਖ ਰਕਮ ਬੱਚੇ ਦੀ ਮਾਂ ਨੂੰ ਦੇਣੀ ਸੀ, ਜਦਕਿ ₹60 ਹਜ਼ਾਰ ਦਲਾਲੀ ਵਜੋਂ ਰੱਖਣੇ ਸਨ। ਸੌਦਾ ਛੱਤੀ ਪਾਤਸ਼ਾਹੀ ਗੁਰਦੁਆਰੇ ਨੇੜੇ ਇਕ ਪਾਰਕ ਵਿੱਚ ਤੈਅ ਕੀਤਾ ਗਿਆ ਸੀ।
ਪਰਿਵਾਰਕ ਹਾਲਾਤਾਂ ਤੋਂ ਸ਼ੁਰੂ ਹੋਇਆ ਸਿਲਸਿਲਾ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਬੱਚੇ ਦੀ ਮਾਂ ਪਹਿਲਾਂ ਹੀ ਚਾਰ ਧੀਆਂ ਦੀ ਮਾਂ ਹੈ। ਪੰਜਵੀਂ ਵਾਰ ਗਰਭਵਤੀ ਹੋਣ ‘ਤੇ ਘਰੇਲੂ ਦਬਾਅ ਕਾਰਨ ਉਸਨੇ ਬੱਚੇ ਨੂੰ ਕਿਸੇ ਹੋਰ ਨੂੰ ਦੇਣ ਦਾ ਫੈਸਲਾ ਕੀਤਾ। ਇਸ ਲਈ ਉਸਨੇ ਇੱਕ ਨਰਸ ਨਾਲ ਸੰਪਰਕ ਕੀਤਾ, ਜਿਸ ਨੇ ਆਪਣੀਆਂ ਜਾਣ-ਪਛਾਣਾਂ ਰਾਹੀਂ ਹੋਰ ਲੋਕਾਂ ਨੂੰ ਇਸ ਕੜੀ ਨਾਲ ਜੋੜਿਆ।
ਨਰਸਾਂ, ਡਾਕਟਰ ਤੇ ਕੇਅਰਟੇਕਰ ਦੀ ਭੂਮਿਕਾ
ਪੁਲਿਸ ਮੁਤਾਬਕ ਮਾਮਲੇ ਵਿੱਚ ਕਈ ਲੋਕਾਂ ਦੀ ਸਾਂਝ ਸਾਹਮਣੇ ਆਈ ਹੈ। ਇੱਕ ਨਰਸ ਨੇ ਦੂਜੀ ਨਰਸ ਨਾਲ ਗੱਲ ਕਰਕੇ ਗਿਰੋਹ ਨੂੰ ਖਰੀਦਦਾਰ ਲੱਭਣ ਲਈ ਕਿਹਾ। ਇਸ ਤੋਂ ਬਾਅਦ ਇੱਕ ਬੀਏਐਮਐਸ ਡਾਕਟਰ ਤੱਕ ਗੱਲ ਪਹੁੰਚੀ, ਜਿਸਨੇ ਆਪਣੇ ਜਾਣਕਾਰਾਂ ਰਾਹੀਂ ਖਰੀਦਦਾਰ ਦੀ ਤਲਾਸ਼ ਕਰਵਾਈ। ਅਖ਼ੀਰਕਾਰ ਇੱਕ ਕੇਅਰਟੇਕਰ ਰਾਹੀਂ ਮੋਗਾ ਦੀ ਰਹਿਣ ਵਾਲੀ ਔਰਤ ਨਾਲ ਸੰਪਰਕ ਕੀਤਾ ਗਿਆ।
ਪੰਜ ਗ੍ਰਿਫ਼ਤਾਰ, ਤਿੰਨ ਅਜੇ ਵੀ ਫਰਾਰ
ਪੁਲਿਸ ਨੇ ਬੱਚੇ ਦੀ ਮਾਂ, ਇੱਕ ਨਰਸ, ਬੀਏਐਮਐਸ ਡਾਕਟਰ, ਕੇਅਰਟੇਕਰ ਅਤੇ ਬੱਚਾ ਖਰੀਦਣ ਆਈ ਔਰਤ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਇਸ ਮਾਮਲੇ ਨਾਲ ਜੁੜੀਆਂ ਤਿੰਨ ਹੋਰ ਔਰਤਾਂ ਅਜੇ ਫਰਾਰ ਦੱਸੀਆਂ ਜਾ ਰਹੀਆਂ ਹਨ।
ਮਾਮਲੇ ਵਿੱਚ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬੱਚੇ ਨੂੰ ਸੁਰੱਖਿਅਤ ਹਵਾਲੇ ਕੀਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
ਇਹ ਘਟਨਾ ਇੱਕ ਵਾਰ ਫਿਰ ਮਨੁੱਖੀ ਤਸਕਰੀ ਦੇ ਜਾਲ ‘ਤੇ ਗੰਭੀਰ ਸਵਾਲ ਖੜੇ ਕਰਦੀ ਹੈ, ਜਿਸਦੀ ਪੜਤਾਲ ਲਈ ਪੁਲਿਸ ਵੱਲੋਂ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ।

