ਹੁਸ਼ਿਆਰਪੁਰ :- ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਖੇਤਰ ਅਧੀਨ ਪੈਂਦੇ ਪਿੰਡ ਮਹਿੰਦਵਾਨੀ ਗੁੱਜਰਾਂ ਵਿੱਚ ਸਵੇਰ ਦੇ ਸਮੇਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਹਮਲਾਵਰਾਂ ਵੱਲੋਂ 62 ਸਾਲਾ ਔਰਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਧਾਰਮਿਕ ਸਥਾਨ ਤੋਂ ਵਾਪਸੀ ਦੌਰਾਨ ਬਣੀ ਨਿਸ਼ਾਨਾ
ਮ੍ਰਿਤਕਾ ਦੀ ਪਛਾਣ ਰਚਨਾ ਦੇਵੀ ਪਤਨੀ ਸ਼ਾਮ ਲਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰਚਨਾ ਦੇਵੀ ਸਵੇਰੇ ਕਰੀਬ 6 ਵਜੇ ਕਿਸੇ ਧਾਰਮਿਕ ਸਥਾਨ ਤੋਂ ਅਰਦਾਸ ਕਰਕੇ ਘਰ ਵੱਲ ਮੁੜ ਰਹੀ ਸੀ। ਇਸੇ ਦੌਰਾਨ ਰਸਤੇ ਵਿੱਚ ਮੋਟਰਸਾਈਕਲ ’ਤੇ ਆਏ ਇਕ ਵਿਅਕਤੀ ਨੇ ਉਸ ’ਤੇ ਗੋਲੀ ਚਲਾ ਦਿੱਤੀ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਤੋੜਿਆ ਦਮ
ਗੋਲੀ ਲੱਗਣ ਕਾਰਨ ਰਚਨਾ ਦੇਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਪੁਲਿਸ ਜਾਂਚ ’ਚ ਜੁੱਟੀ, ਮੁਲਜ਼ਮਾਂ ਦੀ ਤਲਾਸ਼ ਜਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਬੀਨੇਵਾਲ ਦੀ ਟੀਮ ਮੌਕੇ ’ਤੇ ਪਹੁੰਚੀ। ਚੌਕੀ ਇੰਚਾਰਜ ਏਐੱਸਆਈ ਓਂਕਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਆਸ-ਪਾਸ ਦੇ ਇਲਾਕਿਆਂ ’ਚ ਨਾਕਾਬੰਦੀ ਕਰਕੇ ਜਾਂਚ ਤੇਜ਼ ਕਰ ਦਿੱਤੀ ਗਈ ਹੈ।

