ਪੱਟੀ :- ਪੱਟੀ ਸਦਰ ਥਾਣੇ ਦੇ ਅਧੀਨ ਪੈਂਦੇ ਪਿੰਡ ਵਰਨਾਲਾ ਵਿੱਚ ਸੋਮਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ, ਜਿੱਥੇ ਮਾਮੂਲੀ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਖੇਤਾਂ ਵਿੱਚ ਕੰਮ ਕਰ ਰਹੇ ਗੁਰਪ੍ਰੀਤ ਸਿੰਘ ਪੁੱਤਰ ਬੋਹੜ ਸਿੰਘ ਦਾ ਉਸਦੇ ਗੁਆਂਢੀ ਵੱਲੋਂ ਚਾਕੂ ਨਾਲ ਕਤਲ ਕਰ ਦਿੱਤਾ ਗਿਆ।
ਲਲਕਾਰਾਂ ਮਾਰਦਿਆਂ ਅੰਜਾਮ ਦਿੱਤੀ ਗਈ ਵਾਰਦਾਤ
ਸੂਤਰਾਂ ਅਨੁਸਾਰ, ਵਿਵਾਦ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਸੀ। ਕਹਿੰਦੇ ਹਨ ਕਿ ਮੁਲਜ਼ਮ ਨੇ ਗੁਰਪ੍ਰੀਤ ਸਿੰਘ ਨੂੰ ਲਲਕਾਰਾਂ ਮਾਰਦਿਆਂ ਉਸ ’ਤੇ ਚਾਕੂ ਨਾਲ ਤਾਬੜਤੋੜ ਵਾਰ ਕੀਤੇ, ਜਿਸ ਨਾਲ ਉਹ ਮੌਕੇ ’ਤੇ ਹੀ ਢੇਰ ਹੋ ਗਿਆ। ਪਿੰਡ ’ਚ ਚੀਕਾਂ ਸੁਣਦੇ ਹੀ ਲੋਕ ਮੌਕੇ ਤੇ ਇਕੱਠੇ ਹੋਏ ਅਤੇ ਸਥਿਤੀ ਗੰਭੀਰ ਹੋ ਗਈ।
ਪੁਲਸ ਮੌਕੇ ’ਤੇ ਪਹੁੰਚੀ, ਲਾਸ਼ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ
ਸੂਚਨਾ ਮਿਲਣ ’ਤੇ ਥਾਣਾ ਸਦਰ ਪੱਟੀ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਮੁਲਜ਼ਮ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ — ਪੁਲਸ
ਪੁਲਸ ਅਧਿਕਾਰੀਆਂ ਨੇ ਕਿਹਾ ਹੈ ਕਿ ਦੋਸ਼ੀ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ “ਇਹ ਮਾਮਲਾ ਬਿਲਕੁਲ ਸਪਸ਼ਟ ਹੈ, ਮੁਲਜ਼ਮ ਖ਼ਿਲਾਫ਼ ਕਾਨੂੰਨੀ ਤੌਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਪਿੰਡ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਹਰ ਕੋਈ ਇਹ ਸਵਾਲ ਕਰ ਰਿਹਾ ਹੈ ਕਿ ਇੱਕ ਛੋਟਾ ਵਿਵਾਦ ਕਿਵੇਂ ਜਾਨਲੇਵਾ ਬਣ ਗਿਆ।

