ਬਠਿੰਡਾ :- ਬਠਿੰਡਾ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ, ਜਿੱਥੇ ਦੇਰ ਰਾਤ ਕੈਦੀਆਂ ਅਤੇ ਇੱਕ ਹਵਾਲਾਤੀ ਵਿਚਕਾਰ ਹੋਈ ਬਹਿਸ ਨੇ ਖੂਨੀ ਝੜਪ ਦਾ ਰੂਪ ਧਾਰ ਲਿਆ। ਜਾਣਕਾਰੀ ਅਨੁਸਾਰ, ਤਿੰਨ ਕੈਦੀਆਂ ਅਤੇ ਇੱਕ ਹਵਾਲਾਤੀ ਵਿਚਾਲੇ ਹੋਈ ਤੂੰ-ਤੂੰ ਮੈਂ-ਮੈਂ ਇਸ ਕਦਰ ਵਧ ਗਈ ਕਿ ਉਨ੍ਹਾਂ ਨੇ ਆਪਸ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਚਾਰ ਜ਼ਖ਼ਮੀ ਹਸਪਤਾਲ ‘ਚ ਭਰਤੀ, ਪੁਲਿਸ ਨੇ ਹਸਪਤਾਲ ਬਣਾਇਆ ਛਾਉਣੀ
ਝਗੜੇ ਵਿੱਚ ਜ਼ਖ਼ਮੀ ਹੋਏ ਤਿੰਨ ਕੈਦੀਆਂ ਅਤੇ ਹਵਾਲਾਤੀ ਨੂੰ ਗੰਭੀਰ ਹਾਲਤ ਵਿੱਚ ਦੇਰ ਰਾਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਲਾਤ ਦੇ ਮੱਦੇਨਜ਼ਰ ਸੁਰੱਖਿਆ ਵਧਾਉਂਦੇ ਹੋਏ ਪੁਲਿਸ ਨੇ ਸਿਵਲ ਹਸਪਤਾਲ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਮੁਤਾਬਕ, ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਉਨ੍ਹਾਂ ਦੇ ਐਕਸਰੇ ਕੀਤੇ ਜਾ ਰਹੇ ਹਨ।
ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ
ਘਟਨਾ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੜਾਈ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਜੇਲ੍ਹ ਅੰਦਰ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।