ਚੰਡੀਗੜ੍ਹ :- ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ-ਚਾਰ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਜ਼ਬਰਦਸਤੀ ਅਗਵਾ ਕਰਕੇ ਉਸ ਦੀ ਨਿਰਦਈ ਤਰੀਕੇ ਨਾਲ ਹੱਤਿਆ ਕਰ ਦਿੱਤੀ। ਦੋਸ਼ੀਆਂ ਵੱਲੋਂ ਪਹਿਲਾਂ ਨੌਜਵਾਨ ਨਾਲ ਰਾਹ ਵਿੱਚ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਨੂੰ ਡੇਰਾਬੱਸੀ ਲੈ ਜਾ ਕੇ ਲੋਹੇ ਦੀਆਂ ਸਰੀਆਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ, ਲਾਵਾਰਿਸ ਹਾਲਤ ਵਿੱਚ ਮਿਲੀ ਲਾਸ਼
ਮ੍ਰਿਤਕ ਦੀ ਪਛਾਣ ਸੈਕਟਰ-20 ਚੰਡੀਗੜ੍ਹ ਦੇ ਰਹਿਣ ਵਾਲੇ ਸੁਸ਼ੀਲ ਉਰਫ਼ ਸਾਹਿਲ ਵਜੋਂ ਹੋਈ ਹੈ। ਸ਼ੁੱਕਰਵਾਰ ਦੁਪਹਿਰ ਡੇਰਾਬੱਸੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਉਸ ਦੀ ਲਾਸ਼ ਬਿਨਾਂ ਕਿਸੇ ਪਛਾਣ ਦੇ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਸੈਕਟਰ-32 ਸਥਿਤ ਜੀਐਮਸੀਐਚ ਦੀ ਮੋਰਚਰੀ ਵਿੱਚ ਭੇਜਿਆ। ਸ਼ਨੀਵਾਰ ਨੂੰ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾਣੀ ਹੈ।
ਅਗਵਾ ਮਾਮਲੇ ਤੋਂ ਕਤਲ ਤੱਕ ਪੁੱਜੀ ਜਾਂਚ
ਇਸ ਸਬੰਧੀ ਥਾਣਾ ਸੈਕਟਰ-31 ਦੀ ਪੁਲਿਸ ਨੇ ਪੀੜਤ ਦੇ ਰਿਸ਼ਤੇਦਾਰ ਵਿਜੇ ਕੁਮਾਰ ਦੇ ਬਿਆਨਾਂ ’ਤੇ ਜ਼ੀਰਕਪੁਰ ਦੀ ਪ੍ਰੀਤ ਕਾਲੋਨੀ ਦੇ ਰਹਿਣ ਵਾਲੇ ਅਨਿਲ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕੀਤਾ ਸੀ। ਲਾਸ਼ ਮਿਲਣ ਮਗਰੋਂ ਜਾਂਚ ਵਿੱਚ ਵੱਡਾ ਮੋੜ ਆਇਆ ਅਤੇ ਐਫਆਈਆਰ ਵਿੱਚ ਕਤਲ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ।
ਰਵਿਦਾਸ ਮੰਦਰ ਨੇੜੇ ਜ਼ਬਰਦਸਤੀ ਅਗਵਾ
ਵਿਜੇ ਕੁਮਾਰ, ਜੋ ਰੈਪਿਡੋ ਬਾਈਕ ਕੈਬ ਚਲਾਉਂਦਾ ਹੈ, ਨੇ ਪੁਲਿਸ ਨੂੰ ਦੱਸਿਆ ਕਿ 5 ਫ਼ਰਵਰੀ ਨੂੰ ਉਹ ਆਪਣੇ ਰਿਸ਼ਤੇਦਾਰ ਸੁਸ਼ੀਲ ਨਾਲ ਨਿੱਜੀ ਕੰਮ ਲਈ ਅੰਬਾਲਾ ਅਤੇ ਪੇਹੋਵਾ ਗਿਆ ਸੀ। ਸ਼ਾਮ ਸਮੇਂ ਦੋਵੇਂ ਹੱਲੋਮਾਜਰਾ ਵਾਪਸ ਆ ਗਏ। ਲਗਭਗ ਸਾਢੇ ਚਾਰ ਵਜੇ ਸੁਸ਼ੀਲ ਨੇ ਵਿਜੇ ਨੂੰ ਰਵਿਦਾਸ ਮੰਦਰ ਨੇੜੇ ਛੱਡਿਆ ਅਤੇ ਅੱਗੇ ਤੁਰ ਗਿਆ।
ਇਸ ਦੌਰਾਨ ਉੱਥੇ ਆਏ ਤਿੰਨ-ਚਾਰ ਨੌਜਵਾਨਾਂ ਨੇ ਸੁਸ਼ੀਲ ਨਾਲ ਮਾਰ-ਕੁੱਟ ਸ਼ੁਰੂ ਕਰ ਦਿੱਤੀ। ਜਦੋਂ ਵਿਜੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਸੁਸ਼ੀਲ ਨੂੰ ਜ਼ਬਰਦਸਤੀ ਬਾਈਕ ’ਤੇ ਬਿਠਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਰਾਣੀ ਘਟਨਾ ਦੀ ਰੰਜਿਸ਼ ਨੇ ਲਿਆ ਖੂਨੀ ਰੂਪ
ਪਰਿਵਾਰਕ ਮੈਂਬਰਾਂ ਅਨੁਸਾਰ ਨਵੰਬਰ 2025 ਵਿੱਚ ਜ਼ੀਰਕਪੁਰ ਦੀ ਪ੍ਰੀਤ ਕਾਲੋਨੀ ਵਿੱਚ ਅਨਿਲ ਦੇ ਭਰਾ ਦਾ ਜਨਮਦਿਨ ਮਨਾਇਆ ਜਾ ਰਿਹਾ ਸੀ। ਨਸ਼ੇ ਦੀ ਹਾਲਤ ਵਿੱਚ ਕੁਝ ਨੌਜਵਾਨਾਂ ਨੇ ਸੁਸ਼ੀਲ ਨੂੰ ਆਪਣੀ ਨਵੀਂ ਗੱਡੀ ਚਲਾਉਣ ਲਈ ਮਜਬੂਰ ਕੀਤਾ। ਵਿਵਾਦ ਵਧਣ ’ਤੇ ਜਦੋਂ ਸੁਸ਼ੀਲ ਉੱਥੋਂ ਜਾਣ ਲੱਗਾ ਤਾਂ ਅਚਾਨਕ ਇਕ ਨੌਜਵਾਨ ਗੱਡੀ ਦੇ ਸਾਹਮਣੇ ਆ ਗਿਆ ਅਤੇ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਨੂੰ ਲੈ ਕੇ ਅਨਿਲ ਅਤੇ ਉਸ ਦੇ ਸਾਥੀਆਂ ਨੇ ਸੁਸ਼ੀਲ ਨਾਲ ਰੰਜਿਸ਼ ਰੱਖੀ ਹੋਈ ਸੀ। ਸੁਸ਼ੀਲ ਖ਼ਿਲਾਫ਼ ਜ਼ੀਰਕਪੁਰ ਥਾਣੇ ਵਿੱਚ ਕੇਸ ਵੀ ਦਰਜ ਸੀ, ਪਰ ਪੁਲਿਸੀ ਕਾਰਵਾਈ ਤੋਂ ਪਹਿਲਾਂ ਹੀ ਦੋਸ਼ੀਆਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਲਿਆ।
ਦੋ ਮਹੀਨੇ ਬਾਅਦ ਹੋਣਾ ਸੀ ਵਿਆਹ, ਘਰ ’ਚ ਛਾਇਆ ਮਾਤਮ
ਸੁਸ਼ੀਲ ਦੀ ਮੰਗਣੀ ਹੋ ਚੁੱਕੀ ਸੀ ਅਤੇ ਲਗਭਗ ਦੋ ਮਹੀਨੇ ਬਾਅਦ ਉਸ ਦਾ ਵਿਆਹ ਹੋਣਾ ਸੀ। ਕਤਲ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਸੁਸ਼ੀਲ ਦੇ ਮਾਤਾ-ਪਿਤਾ ਅਤੇ ਭੈਣ ਪਹਿਲਾਂ ਹੀ ਨਹੀਂ ਰਹੇ।
ਉਹ ਸੈਕਟਰ-20 ਸਥਿਤ ਸਰਕਾਰੀ ਮਕਾਨ ਵਿੱਚ ਆਪਣੇ ਭਰਾ ਅਤੇ ਭਰਜਾਈ ਨਾਲ ਰਹਿੰਦਾ ਸੀ ਅਤੇ ਟੈਕਸੀ ਚਲਾ ਕੇ ਪਰਿਵਾਰ ਦੀ ਗੁਜ਼ਾਰਾ ਕਰਦਾ ਸੀ।
ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ
ਫਿਲਹਾਲ ਪੁਲਿਸ ਵੱਲੋਂ ਜ਼ੀਰਕਪੁਰ, ਡੇਰਾਬੱਸੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਜਲਦ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

