ਨਾਭਾ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ ਦੇ ਆਧਾਰ ‘ਤੇ ਨਾਭਾ ਜੇਲ੍ਹ ਤੋਂ ਬਾਹਰ ਆ ਗਏ। ਜੇਲ੍ਹ ਦੇ ਬਾਹਰ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਕਾਲੀ ਵਰਕਰਾਂ ਅਤੇ ਸਮਰਥਕਾਂ ਨੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ। ਮਜੀਠੀਆ ਕਰੀਬ 11 ਵਜੇ ਦੇ ਆਸ-ਪਾਸ ਜੇਲ੍ਹ ਤੋਂ ਬਾਹਰ ਆਏ।
540 ਕਰੋੜ ਦੀ ਕਥਿਤ ਜਾਇਦਾਦ ਮਾਮਲੇ ‘ਚ ਹੋਈ ਸੀ ਗ੍ਰਿਫ਼ਤਾਰੀ
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਜੂਨ ਨੂੰ ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮਾਮਲਾ ਕਥਿਤ ਤੌਰ ‘ਤੇ ਲਗਭਗ 540 ਕਰੋੜ ਰੁਪਏ ਦੀ ਜਾਇਦਾਦ ਨਾਲ ਜੋੜਿਆ ਜਾ ਰਿਹਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮਜੀਠੀਆ ਲਗਾਤਾਰ ਨਿਆਂਇਕ ਹਿਰਾਸਤ ਵਿੱਚ ਸਨ।
ਸੁਪਰੀਮ ਕੋਰਟ ਨੇ ਜੇਲ੍ਹ ਵਿਚ ਰੱਖਣ ‘ਤੇ ਸਵਾਲ ਚੁੱਕੇ
ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਬੈਂਚ ਨੇ 2 ਫਰਵਰੀ ਨੂੰ ਪੰਜਾਬ ਸਰਕਾਰ ਦੇ ਵਕੀਲ ਤੋਂ ਸਵਾਲ ਕੀਤਾ ਸੀ ਕਿ ਮਜੀਠੀਆ ਨੂੰ ਲਗਾਤਾਰ ਜੇਲ੍ਹ ਅੰਦਰ ਰੱਖਣ ਦੀ ਲੋੜ ਕਿਉਂ ਹੈ। ਅਦਾਲਤ ਨੇ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਿਆ ਕਿ ਮਜੀਠੀਆ ਪਿਛਲੇ ਸੱਤ ਮਹੀਨਿਆਂ ਤੋਂ ਹਿਰਾਸਤ ਵਿੱਚ ਹਨ ਅਤੇ ਜਾਂਚ ਦੀ ਕਾਰਵਾਈ ਦੌਰਾਨ ਕੋਈ ਅਜਿਹਾ ਤੱਤ ਸਾਹਮਣੇ ਨਹੀਂ ਆਇਆ, ਜੋ ਜ਼ਮਾਨਤ ਨੂੰ ਰੋਕੇ।
ਹਾਈ ਕੋਰਟ ਦੇ ਹੁਕਮਾਂ ਨੂੰ ਦਿੱਤੀ ਗਈ ਸੀ ਚੁਣੌਤੀ
ਬਿਕਰਮ ਮਜੀਠੀਆ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਜਿਸ ‘ਤੇ ਅਦਾਲਤ ਨੇ ਪਹਿਲਾਂ ਹੀ ਪੰਜਾਬ ਵਿਜੀਲੈਂਸ ਬਿਊਰੋ ਨੂੰ ਨੋਟਿਸ ਜਾਰੀ ਕੀਤਾ ਹੋਇਆ ਸੀ। ਪਿਛਲੀ ਸੁਣਵਾਈ ਦੌਰਾਨ ਮਜੀਠੀਆ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਉਂਦਿਆਂ ਅੰਤਰਿਮ ਜ਼ਮਾਨਤ ਦੀ ਮੰਗ ਵੀ ਕੀਤੀ ਸੀ।
ਪਿਛਲੇ ਮਾਮਲਿਆਂ ਨੂੰ ਵੀ ਬਣਾਇਆ ਗਿਆ ਆਧਾਰ
ਸੁਪਰੀਮ ਕੋਰਟ ਨੇ ਜ਼ਮਾਨਤ ਦੇ ਫੈਸਲੇ ਸਮੇਂ ਇਹ ਗੱਲ ਵੀ ਧਿਆਨ ਵਿੱਚ ਰੱਖੀ ਕਿ ਮਜੀਠੀਆ ਨੂੰ ਸਾਲ 2022 ਵਿੱਚ ਐਨ.ਡੀ.ਪੀ.ਐੱਸ. ਮਾਮਲੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਇਸ ਜ਼ਮਾਨਤ ਨੂੰ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਨੂੰ ਵੀ ਸੁਪਰੀਮ ਕੋਰਟ ਨੇ ਸਾਲ 2025 ਵਿੱਚ ਖ਼ਾਰਜ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਮੌਜੂਦਾ ਮਾਮਲੇ ਦੇ ਹਾਲਾਤਾਂ ਨੂੰ ਦੇਖਦਿਆਂ ਜ਼ਮਾਨਤ ਦੇਣਾ ਉਚਿਤ ਹੈ।

