ਚੰਡੀਗੜ੍ਹ :- ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖ਼ਿਲਾਫ ਚੱਲ ਰਹੀ ਰਿਸ਼ਵਤਖੋਰੀ ਜਾਂਚ ਹੁਣ ਹੋਰ ਗੰਭੀਰ ਪੜਾਅ ‘ਚ ਦਾਖ਼ਲ ਹੋ ਗਈ ਹੈ। ਸੀਬੀਆਈ ਨੇ ਭੁੱਲਰ ਦਾ ਪਾਸਪੋਰਟ ਜ਼ਬਤ ਕਰਕੇ ਉਸ ਦੀਆਂ ਵਿਦੇਸ਼ ਯਾਤਰਾਵਾਂ ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਡਿਊਟੀ ਦੌਰਾਨ ਲਗਭਗ ਦਸ ਵਾਰ ਦੁਬਈ ਗਿਆ ਸੀ।
ਦੁਬਈ ਅਤੇ ਕੈਨੇਡਾ ਵਿੱਚ ਫਲੈਟਾਂ ਦੀ ਜਾਣਕਾਰੀ ਮਿਲੀ
ਸੀਬੀਆਈ ਸੂਤਰਾਂ ਨੇ ਦੱਸਿਆ ਕਿ ਭੁੱਲਰ ਦੇ ਦੁਬਈ ਵਿੱਚ ਦੋ ਅਤੇ ਕੈਨੇਡਾ ਵਿੱਚ ਤਿੰਨ ਫਲੈਟਾਂ ਦੇ ਸੁਰਾਗ ਮਿਲੇ ਹਨ। ਇਸ ਤੋਂ ਇਲਾਵਾ, ਲੁਧਿਆਣਾ ਵਿੱਚ ਲਗਭਗ 55 ਏਕੜ ਜ਼ਮੀਨ ਅਤੇ ਮਾਛੀਵਾੜਾ ਖੇਤਰ ਵਿੱਚ ਲਗਭਗ 20 ਦੁਕਾਨਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਗਈ ਹੈ। ਏਜੰਸੀ ਨੂੰ ਸ਼ੱਕ ਹੈ ਕਿ ਇਹ ਜਾਇਦਾਦਾਂ ਸੇਵਾ ਦੌਰਾਨ ਬੇਨਾਮੀ ਲੈਣ-ਦੇਣ ਰਾਹੀਂ ਖਰੀਦੀਆਂ ਗਈਆਂ।
ਸੀਬੀਆਈ ਲੱਗੀ ਜਾਇਦਾਦਾਂ ਦੇ ਸਰੋਤ ਦੀ ਛਾਣਬੀਣ ‘ਚ
ਅਧਿਕਾਰਤ ਸੂਤਰਾਂ ਮੁਤਾਬਕ ਜਾਂਚ ਟੀਮ ਹੁਣ ਇਹ ਪਤਾ ਕਰਨ ਵਿੱਚ ਜੁਟੀ ਹੋਈ ਹੈ ਕਿ ਇਹ ਜਾਇਦਾਦਾਂ ਕਿਹੜੇ ਪੈਸੇ ਨਾਲ ਅਤੇ ਕਿਸ ਦੇ ਨਾਮ ‘ਤੇ ਖਰੀਦੀਆਂ ਗਈਆਂ। ਏਜੰਸੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ, ਜਿਸ ਨਾਲ ਮਾਮਲਾ ਹੋਰ ਗਹਿਰਾ ਹੋ ਸਕਦਾ ਹੈ।
ਕ੍ਰਿਸ਼ਨੂ ਨੂੰ ਸਰਕਾਰੀ ਗਵਾਹ ਬਣਾਉਣ ਦੀ ਤਿਆਰੀ
ਮੰਡੀ ਗੋਬਿੰਦਗੜ੍ਹ ਦੇ ਉਦਮੀ ਨਾਲ ਰਿਸ਼ਵਤ ਸੌਦੇ ਵਿਚ ਪੁਲ ਬਣਨ ਵਾਲੇ ਕ੍ਰਿਸ਼ਨੂ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦਿਆਂ, ਸੀਬੀਆਈ ਉਸਨੂੰ ਸਰਕਾਰੀ ਗਵਾਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਉਹ ਗਵਾਹੀ ਦੇਣ ਲਈ ਤਿਆਰ ਹੋ ਜਾਂਦਾ ਹੈ, ਤਾਂ ਇਹ ਹਰਚਰਨ ਸਿੰਘ ਭੁੱਲਰ ਲਈ ਵੱਡੀ ਕਾਨੂੰਨੀ ਪਰੇਸ਼ਾਨੀ ਦਾ ਕਾਰਣ ਬਣ ਸਕਦਾ ਹੈ।

