ਅੰਮ੍ਰਿਤਸਰ :- ਪੰਜਾਬ ਪੁਲਿਸ ਨੇ ਗੁਰਦਾਸਪੁਰ ਵਿਖੇ ਹੋਏ ਪੁਲਿਸ ਕਰਮਚਾਰੀਆਂ ਦੇ ਦੋਹਰੇ ਕਤਲ ਮਾਮਲੇ ਵਿੱਚ ਇੱਕ ਹੋਰ ਅਹਿਮ ਕਾਮਯਾਬੀ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਟੀਮਾਂ ਵੱਲੋਂ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਇਲਾਕੇ ਤੋਂ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ, ਉਸ ਦੀ ਗ੍ਰਿਫ਼ਤਾਰੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ, ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਉਹ ਸ਼ਹਿਰ ਵਿੱਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ।
ਪਹਿਲਾਂ ਹੀ ਦੋ ਸਾਥੀਆਂ ਬਾਰੇ ਹੋ ਚੁੱਕੀ ਕਾਰਵਾਈ
ਇਸ ਮਾਮਲੇ ਵਿੱਚ ਪਹਿਲਾਂ ਇੱਕ ਨੌਜਵਾਨ ਦਿਲਾਵਰ ਸਿੰਘ (ਆਲੀਨੰਗਲ) ਪੁਲਿਸ ਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ, ਜਦਕਿ ਦੂਜੇ ਸਾਥੀ ਰਣਜੀਤ ਸਿੰਘ ਦੇ ਮੁੱਠਭੇੜ ਦੌਰਾਨ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ। ਪੁੱਛਗਿੱਛ ਦੌਰਾਨ ਦਿਲਾਵਰ ਸਿੰਘ ਵੱਲੋਂ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਸੀ।
ਅਦੀਆਂ ਪੁਲਿਸ ਚੌਕੀ ‘ਤੇ ਹੋਇਆ ਸੀ ਹਮਲਾ
ਯਾਦ ਰਹੇ ਕਿ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਏਐਸਆਈ ਗੁਰਨਾਮ ਸਿੰਘ ਨੂੰ ਅਦੀਆਂ ਪੁਲਿਸ ਚੌਕੀ ‘ਤੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਪੁਲਿਸ ਵਿਭਾਗ ਵੱਲੋਂ ਇਸਨੂੰ ਗੰਭੀਰ ਚੁਣੌਤੀ ਵਜੋਂ ਲਿਆ ਗਿਆ ਸੀ।
ਵਿਦੇਸ਼ੀ ਸੰਪਰਕਾਂ ਦੇ ਦਾਅਵੇ, ਜਾਂਚ ਜਾਰੀ
ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਮੁਲਜ਼ਮਾਂ ਦੇ ਪਾਕਿਸਤਾਨ ਆਧਾਰਿਤ ਜਥੇਬੰਦੀਆਂ ਨਾਲ ਸੰਪਰਕ ਹੋਣ ਦੀ ਸੰਭਾਵਨਾ ਹੈ। ਡੀਆਈਜੀ ਸੰਦੀਪ ਗੋਇਲ ਨੇ ਦਾਅਵਾ ਕੀਤਾ ਸੀ ਕਿ ਆਈਐਸਆਈ ਵੱਲੋਂ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪੁਲਿਸ ਅਨੁਸਾਰ, ਮੁਲਜ਼ਮ ਨੇੜਲੇ ਪਿੰਡ ਆਦੀਆਂ ਦੇ ਵਸਨੀਕ ਹੋਣ ਕਰਕੇ ਇਲਾਕੇ ਦੀ ਜਾਣਕਾਰੀ ਰੱਖਦੇ ਸਨ ਅਤੇ ਮੌਕਾ ਦੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਹੋਰ ਖੁਲਾਸਿਆਂ ਦੀ ਉਮੀਦ
ਪੁਲਿਸ ਨੇ ਕਿਹਾ ਹੈ ਕਿ ਇੰਦਰਜੀਤ ਸਿੰਘ ਤੋਂ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਪੱਖਾਂ ਬਾਰੇ ਵੀ ਛਾਣਬੀਣ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ, ਜਾਂਚ ਅੱਗੇ ਵਧਣ ਨਾਲ ਹੋਰ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।

