ਚੰਡੀਗੜ੍ਹ:- ਪੰਜਾਬ ਸਰਕਾਰ ਨੇ ਸੂਬੇ ਦੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਪੈਕੇਜ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਹੁਣ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਇਸ ਯੋਜਨਾ ਤਹਿਤ ਕੱਲ੍ਹ ਤੋਂ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਰਜਿਸਟ੍ਰੇਸ਼ਨ ਲਈ ਆਧਾਰ ਕਾਰਡ, ਵੋਟਰ ਕਾਰਡ ਜਾਂ ਪਾਸਪੋਰਟ ਲਿਜਾਣਾ ਲਾਜ਼ਮੀ ਹੋਵੇਗਾ। ਸੀਐਮ ਨੇ ਕਿਹਾ ਕਿ ਪ੍ਰਕਿਰਿਆ ਬਿਲਕੁਲ ਆਸਾਨ ਰੱਖੀ ਗਈ ਹੈ ਤਾਂ ਜੋ ਲੋਕ ਬਿਨਾ ਕਿਸੇ ਪਰੇਸ਼ਾਨੀ ਦੇ ਆਪਣਾ ਨਾਮ ਦਰਜ ਕਰਵਾ ਸਕਣ।
ਕੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ
ਇਹ ਸਕੀਮ ਪਹਿਲਾਂ ਤੋਂ ਲਾਗੂ ਸੀ, ਪਰ ਹੁਣ ਇਸਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। 08 ਜੁਲਾਈ ਨੂੰ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਤਕਰੀਬਨ 65 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸਦੇ ਤਹਿਤ ਸਰਕਾਰੀ ਹੀ ਨਹੀਂ ਸਗੋਂ ਨਿੱਜੀ ਹਸਪਤਾਲਾਂ ਵਿੱਚ ਵੀ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮਿਲੇਗਾ।
GST ‘ਤੇ ਕੇਂਦਰ ਸਰਕਾਰ ‘ਤੇ ਤੀਖ਼ਾ ਹਮਲਾ
ਪ੍ਰੈਸ ਕਾਨਫਰੰਸ ਦੌਰਾਨ CM ਮਾਨ ਨੇ GST ਨੂੰ ਲੈ ਕੇ ਕੇਂਦਰ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਟੈਕਸ ਕਦੇ ਆਪਣੇ ਮਨ ਨਾਲ ਵਧਾ ਦਿੰਦੇ ਹਨ ਤੇ ਕਦੇ ਘਟਾ ਦਿੰਦੇ ਹਨ, ਫਿਰ ਉਸਨੂੰ ਹੀ ਮਾਸਟਰ ਸਟ੍ਰੋਕ ਦੱਸਿਆ ਜਾਂਦਾ ਹੈ। ਸੀਐਮ ਦੇ ਅਨੁਸਾਰ ਲੋਕਾਂ ਦੇ ਹਿੱਤ ਲਈ ਅਸਲ ਪੈਮਾਨੇ ‘ਤੇ ਕੰਮ ਕਰਨ ਦੀ ਲੋੜ ਹੈ।